ਸੈਂਟੀਆਗੋ : ਚਿਲੀ ਦੀ ਰਾਜਧਾਨੀ ਸੈਂਟੀਆਗੋ ਵਿੱਚ ਵੀਰਵਾਰ ਸਵੇਰੇ ਇੱਕ ਬਹੁਤ ਹੀ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਤਰਲ ਗੈਸ ਨਾਲ ਭਰਿਆ ਟੈਂਕਰ ਬੇਕਾਬੂ ਹੋ ਕੇ ਪਲਟ ਗਿਆ ਅਤੇ ਉਸ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ। ਇਸ ਦਰਦਨਾਕ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 10 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ।
ਕਿਵੇਂ ਵਾਪਰਿਆ ਹਾਦਸਾ?
ਜਾਣਕਾਰੀ ਅਨੁਸਾਰ ਇਹ ਘਟਨਾ ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਤੜਕੇ ਵਾਪਰੀ। ਇੱਕ ਗੈਸ ਟੈਂਕਰ ਅਚਾਨਕ ਸੰਤੁਲਨ ਗੁਆ ਬੈਠਾ ਅਤੇ ਹਾਈਵੇਅ ‘ਤੇ ਲੱਗੀ ਲੋਹੇ ਦੀ ਸੁਰੱਖਿਆ ਰੇਲਿੰਗ (ਗਾਰਡਰੇਲ) ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕੁਝ ਹੀ ਪਲਾਂ ਵਿੱਚ ਟੈਂਕਰ ਵਿੱਚ ਇੱਕ ਭਿਆਨਕ ਧਮਾਕਾ ਹੋਇਆ, ਜਿਸ ਦੀ ਆਵਾਜ਼ ਨਾਲ ਪੂਰਾ ਇਲਾਕਾ ਦਹਿਲ ਗਿਆ ਅਤੇ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਦਿਖਾਈ ਦਿੱਤੀਆਂ।
7 ਹੋਰ ਗੱਡੀਆਂ ਆਈਆਂ ਲਪੇਟ ‘ਚ
ਇਸ ਧਮਾਕੇ ਦਾ ਅਸਰ ਇੰਨਾ ਜ਼ਿਆਦਾ ਸੀ ਕਿ ਟੈਂਕਰ ਦੇ ਨੇੜੇ ਤੋਂ ਗੁਜ਼ਰ ਰਹੀਆਂ ਘੱਟੋ-ਘੱਟ 7 ਹੋਰ ਕਾਰਾਂ ਵੀ ਇਸ ਦੀ ਲਪੇਟ ਵਿੱਚ ਆ ਕੇ ਨੁਕਸਾਨੀਆਂ ਗਈਆਂ। ਕਈ ਵਾਹਨਾਂ ਨੂੰ ਅੱਗ ਲੱਗ ਗਈ, ਜਿਸ ਕਾਰਨ ਸੜਕ ‘ਤੇ ਹਾਹਾਕਾਰ ਮਚ ਗਈ।

