ਮੈਕਸੀਕੋ ਸਿਟੀ : ਮੈਕਸੀਕੋ ਤੇ ਅਲ ਸਲਵਾਡੋਰ ਦੀਆਂ ਨੌਸੈਨਾਵਾਂ ਨੇ ਪ੍ਰਸ਼ਾਂਤ ਮਹਾਂਸਾਗਰ ‘ਚ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ 10 ਟਨ ਤੋਂ ਵੱਧ ਕੋਕੀਨ ਜ਼ਬਤ ਕੀਤੀ ਹੈ। ਇਹ ਵੱਡੀ ਕਾਰਵਾਈ ਅਮਰੀਕੀ ਖੁਫੀਆ ਏਜੰਸੀਆਂ ‘ਯੂਐਸ ਨਾਰਦਰਨ ਕਮਾਂਡ’ ਅਤੇ ‘ਯੂਐਸ ਜੁਆਇੰਟ ਇੰਟਰਏਜੰਸੀ ਟਾਸਕ ਫੋਰਸ ਸਾਊਥ’ ਤੋਂ ਮਿਲੀ ਜਾਣਕਾਰੀ ਦੇ ਅਧਾਰ ‘ਤੇ ਕੀਤੀ ਗਈ ਹੈ।
ਮੈਕਸੀਕੋ ਵਿੱਚ 4 ਟਨ ਨਸ਼ਾ ਬਰਾਮਦ
ਮੈਕਸੀਕੋ ਦੇ ਸੁਰੱਖਿਆ ਮੰਤਰੀ ਓਮਾਰ ਗਾਰਸੀਆ ਹਾਰਫੁਚ ਨੇ ਦੱਸਿਆ ਕਿ ਮੰਜ਼ਾਨਿਲੋ ਬੰਦਰਗਾਹ ਤੋਂ ਲਗਭਗ 463 ਕਿਲੋਮੀਟਰ ਦੂਰ ਦੱਖਣ ਵਿੱਚ ਇੱਕ ਤਿੰਨ ਮੋਟਰਾਂ ਵਾਲੀ ਕਿਸ਼ਤੀ ਨੂੰ ਰੋਕਿਆ ਗਿਆ। ਇਸ ਤਲਾਸ਼ੀ ਦੌਰਾਨ 4 ਟਨ ਸ਼ੱਕੀ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਅਤੇ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਹਫਤੇ ਦੀ ਕੁੱਲ ਬਰਾਮਦਗੀ ਹੁਣ 10 ਟਨ ਦੇ ਕਰੀਬ ਪਹੁੰਚ ਗਈ ਹੈ।
ਅਲ ਸਲਵਾਡੋਰ ਦੇ ਇਤਿਹਾਸ ਦੀ ਸਭ ਤੋਂ ਵੱਡੀ ਜ਼ਬਤੀ
ਅਲ ਸਲਵਾਡੋਰ ਦੀ ਨੌਸੈਨਾ ਨੇ ਵੀ ਆਪਣੇ ਦੇਸ਼ ਦੇ ਇਤਿਹਾਸ ਦੀ ਸਭ ਤੋਂ ਵੱਡੀ 6.6 ਟਨ ਕੋਕੀਨ ਦੀ ਖੇਪ ਫੜਨ ਦਾ ਦਾਅਵਾ ਕੀਤਾ ਹੈ। ਤਨਜ਼ਾਨੀਆ ਵਿੱਚ ਰਜਿਸਟਰਡ 180 ਫੁੱਟ ਲੰਬੇ ਜਹਾਜ਼ ‘ਐਫਐਮਐਸ ਈਗਲ’ ਨੂੰ ਤੱਟ ਤੋਂ 611 ਕਿਲੋਮੀਟਰ ਦੂਰ ਰੋਕਿਆ ਗਿਆ, ਜਿਸ ਦੇ ਅੰਦਰੋਂ ਕੋਕੀਨ ਦੇ 330 ਪੈਕੇਟ ਮਿਲੇ। ਇਸ ਮਾਮਲੇ ਵਿੱਚ ਕੋਲੰਬੀਆ, ਨਿਕਾਰਾਗੁਆ, ਪਨਾਮਾ ਅਤੇ ਇਕਵਾਡੋਰ ਦੇ 10 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

