ਮਾਸਕੋ : ਰੂਸ ਦੇ ਸਾਇਬੇਰੀਆ ਵਿੱਚ ਸਥਿਤ ਦੁਨੀਆ ਦੀ ਸਭ ਤੋਂ ਡੂੰਘੀ ਝੀਲ ਬੈਕਾਲ ਝੀਲ ‘ਤੇ ਸ਼ੁੱਕਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਬਰਫੀਲੀ ਸਤ੍ਹਾ ‘ਤੇ ਯਾਤਰਾ ਕਰਨ ਵਾਲੀ ਇੱਕ ਸੈਲਾਨੀ ਬੱਸ ਅਚਾਨਕ ਬਰਫ਼ ਟੁੱਟਣ ਨਾਲ ਝੀਲ ‘ਚ ਧੱਸ ਗਈ। ਇਸ ਹਾਦਸੇ ਵਿੱਚ 8 ਸੈਲਾਨੀਆਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਅਨੁਸਾਰ, ਮ੍ਰਿਤਕ ਸੈਲਾਨੀ ਚੀਨੀ ਨਾਗਰਿਕ ਦੱਸੇ ਜਾ ਰਹੇ ਹਨ।
ਤਿੰਨ ਮੀਟਰ ਚੌੜੀ ਦਰਾਰ ‘ਚ ਡਿੱਗੀ ਬੱਸ
ਰੂਸੀ ਐਮਰਜੈਂਸੀ ਮੰਤਰਾਲੇ ਦੀ ਖੇਤਰੀ ਸ਼ਾਖਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦੱਸਿਆ ਕਿ ਬੱਸ ਲਗਭਗ ਤਿੰਨ ਮੀਟਰ ਚੌੜੀ ਬਰਫ਼ ਦੀ ਦਰਾਰ ਵਿੱਚ ਡਿੱਗ ਗਈ ਅਤੇ ਪਾਣੀ ਵਿੱਚ ਡੁੱਬ ਗਈ। ਬਚਾਅ ਟੀਮਾਂ ਨੇ ਪਾਣੀ ਦੇ ਹੇਠਾਂ ਕੈਮਰਿਆਂ ਨਾਲ ਝੀਲ ਦੀ ਭਾਲ ਕੀਤੀ। ਬੱਸ ਲਗਭਗ 18 ਮੀਟਰ ਡੂੰਘੀ ਮਿਲੀ। ਜਾਂਚ ਦੌਰਾਨ 8 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।
ਇੱਕ ਸੈਲਾਨੀ ਨੇ ਬਚਾਈ ਆਪਣੀ ਜਾਨ
ਇਰਕੁਤਸਕ ਖੇਤਰ ਦੇ ਗਵਰਨਰ ਇਗੋਰ ਕੋਬਜ਼ੇਵ ਨੇ ਕਿਹਾ ਕਿ ਚਸ਼ਮਦੀਦਾਂ ਅਨੁਸਾਰ, ਇੱਕ ਸੈਲਾਨੀ ਬੱਸ ਦੇ ਪੂਰੀ ਤਰ੍ਹਾਂ ਡੁੱਬਣ ਤੋਂ ਪਹਿਲਾਂ ਭੱਜਣ ਵਿੱਚ ਕਾਮਯਾਬ ਹੋ ਗਿਆ। ਹਾਲਾਂਕਿ, ਬਾਕੀ ਯਾਤਰੀ ਬੱਸ ਦੇ ਅੰਦਰ ਫਸੇ ਰਹੇ ਅਤੇ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

