ਗੁਰੂਗ੍ਰਾਮ/ਦਿੱਲੀ : ਹਰਿਆਣਾ ਦੇ ਗੁਰੂਗ੍ਰਾਮ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਇਕ ਅਤਿ ਦੁਖਦਾਈ ਅਤੇ ਦਰਦਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਪੜ੍ਹਾਈ ਕਰਨ ਆਈ ਤ੍ਰਿਪੁਰਾ ਦੀ ਇੱਕ ਮਾਸੂਮ ਵਿਦਿਆਰਥਣ ਨੂੰ ਉਸਦੇ ਹੀ ਇੱਕ ਕਥਿਤ ‘ਆਨਲਾਈਨ ਦੋਸਤ’ ਨੇ ਤਿੰਨ ਦਿਨਾਂ ਤੱਕ ਬੰਧਕ ਬਣਾ ਕੇ ਹੈਵਾਨੀਅਤ ਦੀਆਂ ਹੱਦਾਂ ਪਾਰ ਕਰ ਦਿੱਤੀਆਂ। ਦਰਿੰਦਗੀ ਦੀ ਹੱਦ ਤਾਂ ਉਦੋਂ ਪਾਰ ਹੋ ਗਈ, ਜਦੋਂ ਮੁਲਜ਼ਮ ਨੇ ਬਲਾਤਕਾਰ ਤੋਂ ਬਾਅਦ ਪੀੜਤਾ ਦੇ ਗੁਪਤ ਅੰਗਾਂ ਵਿੱਚ ਸੈਨੀਟਾਈਜ਼ਰ ਪਾ ਕੇ ਅੱਗ ਲਗਾ ਦਿੱਤੀ। ਪੀੜਤਾ ਇਸ ਸਮੇਂ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਦਾਖਲ ਹੈ।
ਆਨਲਾਈਨ ਦੋਸਤੀ ਬਣੀ ਜੀਅ ਦਾ ਜੰਜਾਲ
ਜਾਣਕਾਰੀ ਅਨੁਸਾਰ ਪੀੜਤ ਵਿਦਿਆਰਥਣ ਗੁਰੂਗ੍ਰਾਮ ਵਿੱਚ ਬੀ.ਐੱਸ.ਸੀ. ਬਾਇਓਟੈਕ ਦੀ ਪੜ੍ਹਾਈ ਕਰ ਰਹੀ ਸੀ। ਇਸ ਦੌਰਾਨ ਉਸ ਦੀ ਦੋਸਤੀ ਦਿੱਲੀ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ ਆਨਲਾਈਨ ਹੋਈ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਗੱਲਬਾਤ ਹੋਣੀ ਸ਼ੁਰੂ ਹੋ ਗਈ। ਨੌਜਵਾਨ ਦੀ ਨੀਅਤ ਖ਼ਰਾਬ ਸੀ। ਨੌਜਵਾਨ ਨੇ ਵਿਦਿਆਰਥਣ ਨੂੰ ਆਪਣੇ ਕੋਲ ਬੁਲਾ ਕੇ ਬੰਧਕ ਬਣਾ ਲਿਆ ਅਤੇ ਤਿੰਨ ਦਿਨਾਂ ਤੱਕ ਉਸ ਨਾਲ ਹੈਵਾਨੀਅਤ ਦੀਆਂ ਹੱਦਾਂ ਪਾਰ ਕੀਤੀਆਂ। ਇਸ ਦੌਰਾਨ ਨੌਜਵਾਨ ਨੇ ਇਸ ਦੀ ਵੀਡੀਓ ਵੀ ਬਣਾਈ। ਨੌਜਵਾਨ ਨੇ ਪੀੜਤਾਂ ਨਾਲ ਵਿਆਹ ਕਰਵਾਉਣ ਦੇ ਬਹਾਨੇ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ ਅਤੇ ਹਿੰਸਾ ਦਾ ਸ਼ਿਕਾਰ ਬਣਾਇਆ।

