ਵੈਨਕੂਵਰ : ਮੈਕਸੀਕਨ ਫ਼ੌਜ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਸਨੇ ਇੱਕ ਵੱਡੇ ਆਪ੍ਰੇਸ਼ਨ ਵਿੱਚ ਬਦਨਾਮ ਡਰੱਗ ਮਾਫੀਆ ਨੇਮੇਸੀਓ ਏਲ ਮੇਂਚੋ ਓਸੇਗੁਏਰਾ (Nemesio El Mencho Oseguera) ਨੂੰ ਮਾਰ ਦਿੱਤਾ ਹੈ। ਇਸ ਆਪ੍ਰੇਸ਼ਨ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਹਿੰਸਾ ਭੜਕ ਗਈ ਅਤੇ ਸਥਿਤੀ ਕਾਬੂ ਤੋਂ ਬਾਹਰ ਹੋ ਗਈ।
ਗੋਲੀਬਾਰੀ ‘ਚ ਜ਼ਖਮੀ ਹੋਇਆ, ਹਸਪਤਾਲ ਲਿਜਾਂਦੇ ਸਮੇਂ ਹੋਈ ਮੌਤ
ਜੈਲਿਸਕੋ ਨਿਊ ਜਨਰੇਸ਼ਨ ਕਾਰਟੇਲ ਦਾ ਮੁਖੀ 59 ਸਾਲਾ ਓਸੇਗੁਏਰਾ, ਜੈਲਿਸਕੋ ਰਾਜ ਦੇ ਤਾਪਲਪਾ ਕਸਬੇ ਵਿੱਚ ਫੌਜੀਆਂ ਨਾਲ ਹੋਈ ਗੋਲੀਬਾਰੀ ਵਿੱਚ ਜ਼ਖਮੀ ਹੋ ਗਿਆ। ਫੌਜ ਦੇ ਇੱਕ ਬਿਆਨ ਅਨੁਸਾਰ, ਉਸ ਨੂੰ ਇਲਾਜ ਲਈ ਮੈਕਸੀਕੋ ਸਿਟੀ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਉਸਦੇ ਸਿਰ ‘ਤੇ ਅਮਰੀਕਾ ਵਲੋਂ 1.5 ਕਰੋੜ ਡਾਲਰ (15 ਮਿਲੀਅਨ ਅਮਰੀਕੀ ਡਾਲਰ) ਦਾ ਇਨਾਮ ਸੀ। ਫੌਜ ਨੇ ਕਿਹਾ ਕਿ ਇਸ ਆਪ੍ਰੇਸ਼ਨ ਵਿੱਚ ਅਮਰੀਕੀ ਏਜੰਸੀਆਂ ਤੋਂ “ਪੂਰਕ ਜਾਣਕਾਰੀ” ਦੀ ਵੀ ਵਰਤੋਂ ਕੀਤੀ ਗਈ।
ਮੈਕਸੀਕੋ ‘ਚ ਡਰੱਗ ਕਾਰਟਲ ਹਿੰਸਾ, ਜਵਾਬੀ ਹਿੰਸਾ ‘ਚ 20 ਤੋਂ ਵੱਧ ਸੜਕਾਂ ਬੰਦ
ਫੌਜੀ ਕਾਰਵਾਈ ਦਾ ਬਦਲਾ ਲੈਣ ਲਈ ਹਥਿਆਰਬੰਦ ਕਾਰਟਲ ਮੈਂਬਰਾਂ ਨੇ ਜੈਲਿਸਕੋ ਰਾਜ ਵਿੱਚ ਕਾਰਾਂ ਅਤੇ ਟਰੱਕਾਂ ਨੂੰ ਸਾੜ ਕੇ 20 ਤੋਂ ਵੱਧ ਸੜਕਾਂ ਨੂੰ ਬੰਦ ਕਰ ਦਿੱਤਾ। ਹਿੰਸਾ ਜੈਲਿਸਕੋ ਤੋਂ ਬਾਹਰ ਦੂਜੇ ਰਾਜਾਂ ਵਿੱਚ ਫੈਲ ਗਈ। ਓਸੇਗੁਏਰਾ ਤੋਂ ਇਲਾਵਾ, ਕਾਰਵਾਈ ਵਿੱਚ 6 ਸ਼ੱਕੀ ਕਾਰਟਲ ਮੈਂਬਰ ਵੀ ਮਾਰੇ ਗਏ, ਜਦੋਂਕਿ ਤਿੰਨ ਫੌਜੀ ਜ਼ਖਮੀ ਹੋ ਗਏ। ਦੋ ਹੋਰ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਗਏ, ਜਿਸ ਵਿੱਚ ਰਾਕੇਟ ਲਾਂਚਰ ਵੀ ਸ਼ਾਮਲ ਹਨ ਜੋ ਜਹਾਜ਼ਾਂ ਨੂੰ ਡੇਗਣ ਅਤੇ ਬਖਤਰਬੰਦ ਵਾਹਨਾਂ ਨੂੰ ਤਬਾਹ ਕਰਨ ਦੇ ਸਮਰੱਥ ਹਨ।

