ਸ਼ੰਭੂ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਤੇ ਹਰਿਆਣਾ ਪੁਲਿਸ ਅੱਜ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋ ਗਏ ਜਦੋਂ ਹਰਿਆਣਾ ਦੇ ਅੰਬਾਲਾ ਦੀ ਅਨਾਜ ਮੰਡੀ ‘ਚ ਕਿਸਾਨਾਂ ਨੇ ਇੱਕਠ ਦਾ ਪ੍ਰੋਗਰਾਮ ਰੱਖਿਆ ਸੀ। ਇਸ ਦੌਰਾਨ ਹਰਿਆਣਾ ਪੁਲਿਸ ਨੇ ਅਨਾਜ ਮੰਡੀ ਪਹੁੰਚਣ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਹਿਸਾਰ-ਅੰਬਾਲਾ ਰੋਡ ‘ਤੇ ਬੈਰੀਕੇਡ ਲਗਾ ਕੇ ਰੋਕ ਲਿਆ ਤੇ ਕਿਸਾਨਾਂ ਨੂੰ ਦਾਣਾ ਮੰਡੀ ਵਿੱਚ ਨਹੀਂ ਜਾਣ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਪੁਲਿਸ ਨੇ ਬੀਐਨਐਸ ਦੀ ਧਾਰਾ 163 (ਪਹਿਲਾਂ ਧਾਰਾ 144) ਦੇ ਤਹਿਤ ਪਹਿਲਾਂ ਹੀ ਇੱਥੇ ਭੀੜ ਇਕੱਠੀ ਕਰਨ ‘ਤੇ ਪਾਬੰਦੀ ਲਗਾ ਦਿੱਤੀ ਸੀ। ਪੁਲਿਸ ਨੇ ਕਿਸਾਨਾਂ ਨੂੰ ਇੱਥੇ ਪਹੁੰਚਣ ਤੋਂ ਰੋਕਣ ਲਈ ਸ਼ਿਕੰਜਾ ਕੱਸਦੇ ਹੋਏ ਕਿਸਾਨ ਆਗੂ ਅਮਰਜੀਤ ਸਿੰਘ ਮੋਹਰੀ ਸਮੇਤ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਇਸ ਤੋਂ ਬਾਅਦ ਕਿਸਾਨ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਾਲੇ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਸਹਿਮਤੀ ਬਣਨ ਤੋਂ ਬਾਅਦ ਕਿਸਾਨਾਂ ਨੇ ਸ਼ੰਭੂ ਬਾਰਡਰ ‘ਤੇ ਜਾਣ ਦਾ ਐਲਾਨ ਕੀਤਾ। ਜਿੱਥੇ ਕਿਸਾਨਾਂ ਵੱਲੋਂ ਵਾਟਰ ਕੈਨਨ ਬੁਆਏ ਨਵਦੀਪ ਜਲਬੇੜਾ ਨੂੰ ਸਨਮਾਨਿਤ ਕੀਤਾ ਗਿਆ।
ਦਰਅਸਲ ਇਸ ਤੋਂ ਪਹਿਲਾਂ ਇਹ ਪ੍ਰਦਰਸ਼ਨ ਪਿਛਲੇ ਕਿਸਾਨ ਅੰਦੋਲਨ ਦੇ ਜਲ ਤੋਪ ਲੜਕੇ ਨਵਦੀਪ ਜਲਬੇੜਾ ਦੀ ਰਿਹਾਈ ਲਈ ਅੰਬਾਲਾ ਦੇ ਐਸਪੀ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਸੀ। ਪਰ ਮੰਗਲਵਾਰ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਦੇਰ ਰਾਤ ਜਲਬੇੜਾ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਤੋਂ ਬਾਅਦ ਘਿਰਾਓ ਕਰਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ।