ਰਾਂਚੀ/ਚਤਰਾ : ਝਾਰਖੰਡ ਦੇ ਚਤਰਾ ਜ਼ਿਲ੍ਹੇ ਵਿੱਚ ਸੋਮਵਾਰ ਸ਼ਾਮ ਨੂੰ ਵਾਪਰੇ ਭਿਆਨਕ ਏਅਰ ਐਂਬੂਲੈਂਸ ਹਾਦਸੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ‘ਰੇਡਬਰਡ ਏਅਰਵੇਜ਼’ ਦਾ ‘ਬੀਚਕਰਾਫਟ ਸੀ90’ ਜਹਾਜ਼ ਜੰਗਲੀ ਇਲਾਕੇ ਵਿੱਚ ਕਰੈਸ਼ ਹੋ ਗਿਆ, ਜਿਸ ਵਿੱਚ ਸਵਾਰ ਦੋ ਪਾਇਲਟਾਂ ਅਤੇ ਇੱਕ ਡਾਕਟਰ ਸਣੇ ਸਾਰੇ 7 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਮੰਗਲਵਾਰ ਨੂੰ ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਉਡਾਣ ਭਰਨ ਦੇ 23 ਮਿੰਟਾਂ ਬਾਅਦ ਹੀ ਟੁੱਟਿਆ ਸੰਪਰਕ
ਜਾਣਕਾਰੀ ਮੁਤਾਬਕ ਜਹਾਜ਼ ਨੇ ਰਾਂਚੀ ਹਵਾਈ ਅੱਡੇ ਤੋਂ ਸ਼ਾਮ 7:11 ਵਜੇ ਦਿੱਲੀ ਲਈ ਉਡਾਣ ਭਰੀ ਸੀ। ਉਡਾਣ ਭਰਨ ਦੇ ਮਹਿਜ਼ 23 ਮਿੰਟ ਬਾਅਦ 7:34 ਵਜੇ ਕੋਲਕਾਤਾ ਅਤੇ ਵਾਰਾਣਸੀ ਰਡਾਰ ਨਾਲੋਂ ਇਸ ਦਾ ਸੰਪਰਕ ਟੁੱਟ ਗਿਆ। ਚਤਰਾ ਦੇ ਸਿਮਰੀਆ ਕੋਲ ਬਰਿਆਤੂ ਪੰਚਾਇਤ ਦੇ ਸੰਘਣੇ ਜੰਗਲਾਂ ਵਿੱਚ ਜਹਾਜ਼ ਹਾਦਸਾਗ੍ਰਸਤ ਹੋ ਕੇ ਡਿੱਗ ਪਿਆ। ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਦੀ ਪਛਾਣ ਕੈਪਟਨ ਵਿਵੇਕ ਵਿਕਾਸ ਭਗਤ (ਪਾਇਲਟ), ਕੈਪਟਨ ਸਵਰਾਜਦੀਪ ਸਿੰਘ (ਪਾਇਲਟ), ਡਾਕਟਰ ਵਿਕਾਸ ਕੁਮਾਰ ਗੁਪਤਾ (ਸਦਰ ਹਸਪਤਾਲ ਰਾਂਚੀ ਦੇ ਡਾਕਟਰ), ਸੰਜੇ ਕੁਮਾਰ, ਅਰਚਨਾ ਦੇਵੀ (ਮਰੀਜ਼ ਦੀ ਪਤਨੀ), ਸਚਿਨ ਕੁਮਾਰ ਮਿਸ਼ਰਾ, ਧੁਰੂ ਕੁਮਾਰ ਵਜੋਂ ਹੋਈ ਹੈ।
ਪੁੱਤ ਨੂੰ ਡਾਕਟਰ ਬਣਾਉਣ ਲਈ ਵੇਚੀ ਸੀ ਜ਼ਮੀਨ
ਹਾਦਸੇ ਵਿੱਚ ਮਾਰੇ ਗਏ ਡਾ. ਵਿਕਾਸ ਗੁਪਤਾ ਦੀ ਕਹਾਣੀ ਬੇਹੱਦ ਦਰਦਨਾਕ ਹੈ। ਉਨ੍ਹਾਂ ਦੇ ਪਿਤਾ ਬਜਰੰਗੀ ਪ੍ਰਸਾਦ ਨੇ ਰੋਂਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਹੋਣਹਾਰ ਪੁੱਤਰ ਨੂੰ ਡਾਕਟਰ ਬਣਾਉਣ ਲਈ ਆਪਣੀ ਸਾਰੀ ਜ਼ਮੀਨ ਵੇਚ ਦਿੱਤੀ ਸੀ। ਵਿਕਾਸ ਰਾਂਚੀ ਦੇ ਸਦਰ ਹਸਪਤਾਲ ਵਿੱਚ ਤਾਇਨਾਤ ਸੀ ਅਤੇ ਉਸ ਦਾ ਇੱਕ 7 ਸਾਲ ਦਾ ਮਾਸੂਮ ਪੁੱਤਰ ਹੈ। ਦੂਜੇ ਪਾਸੇ ਮਰੀਜ਼ ਸੰਜੇ ਕੁਮਾਰ ਦੇ ਪਰਿਵਾਰ ਨੇ ਸੂਬੇ ਦੇ ਖ਼ਰਾਬ ਸਿਹਤ ਢਾਂਚੇ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਰਾਂਚੀ ਵਿੱਚ ਹੀ ਇਲਾਜ ਹੋ ਜਾਂਦਾ ਤਾਂ ਉਨ੍ਹਾਂ ਨੂੰ ਏਅਰ ਐਂਬੂਲੈਂਸ ਦੀ ਲੋੜ ਨਾ ਪੈਂਦੀ।

