ਇੰਫਾਲ: ਮਣੀਪੁਰ ਦੀ ਰਾਜਧਾਨੀ ਇੰਫਾਲ ਤੋਂ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਇੱਕ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਇੱਕ ਨਾਮੀ ਸ਼ੋਅਰੂਮ ਵਿੱਚ ਦੋ ਅੰਮ੍ਰਿਤਧਾਰੀ ਸਿੱਖ ਭਰਾਵਾਂ ਨੂੰ ਸਿਰਫ਼ ਇਸ ਲਈ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ, ਕਿਉਂਕਿ ਉਨ੍ਹਾਂ ਨੇ ਆਪਣੀ ਧਾਰਮਿਕ ਪਛਾਣ ਦਾ ਪ੍ਰਤੀਕ ‘ਕ੍ਰਿਪਾਨ’ ਧਾਰਨ ਕੀਤੀ ਹੋਈ ਸੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਸਿੱਖ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਦੋ ਅੰਮ੍ਰਿਤਧਾਰੀ ਸਿੱਖ ਨੌਜਵਾਨ ਇੰਫਾਲ ਦੇ ਇੱਕ ਸ਼ੋਅਰੂਮ ਵਿੱਚ ਗਏ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਕੁਝ ਹਿੰਦੂ ਲੋਕ ਵੀ ਸਨ। ਸ਼ੋਅਰੂਮ ਦੇ ਸਟਾਫ਼ ਅਤੇ ਸੁਰੱਖਿਆ ਕਰਮਚਾਰੀਆਂ ਨੇ ਜਦੋਂ ਉਨ੍ਹਾਂ ਨੂੰ ਦੇਖਿਆ ਤਾਂ ਅੰਦਰ ਜਾਣ ਤੋਂ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਲੋਕ ਤੁਹਾਡੇ ਕੋਲ ਡਰ ਰਹੇ ਹਨ, ਜਿਸ ਕਰਕੇ ਤੁਸੀਂ ਸ਼ੋਅਰੂਮ ਵਿਚੋਂ ਬਾਹਰ ਚਲੇ ਜਾਓ। ਇਸ ਦੌਰਾਨ ਉਨ੍ਹਾਂ ਦਾ ਤਰਕ ਸੀ ਕਿ ਕ੍ਰਿਪਾਨ ਨਾਲ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਸਿੱਖ ਨੌਜਵਾਨਾਂ ਨੇ ਇਸ ਨੂੰ ਆਪਣੀ ਧਾਰਮਿਕ ਆਜ਼ਾਦੀ ‘ਤੇ ਹਮਲਾ ਦੱਸਦਿਆਂ ਉੱਥੇ ਹੀ ਵਿਰੋਧ ਸ਼ੁਰੂ ਕਰ ਦਿੱਤਾ। ਲਗਭਗ 40 ਮਿੰਟ ਤੱਕ ਚੱਲੀ ਲੰਬੀ ਬਹਿਸ ਤੋਂ ਬਾਅਦ, ਜਦੋਂ ਮਾਮਲਾ ਵਧਦਾ ਦੇਖਿਆ ਤਾਂ ਸ਼ੋਅਰੂਮ ਦੇ ਮੈਨੇਜਰ ਨੇ ਮੌਕੇ ‘ਤੇ ਪਹੁੰਚ ਕੇ ਮੁਆਫੀ ਮੰਗੀ।

