ਸੰਗਰੂਰ ’ਚ ਇੱਕ 20 ਸਾਲਾਂ ਨੌਜਵਾਨ ਨੂੰ ਉਸ ਸਮੇਂ ਆਪਣੀ ਜਾਨ ਗਵਾਉਣੀ ਪਈ, ਜਦੋਂ ਇੱਕ ਨਿਹੰਗ ਸਿੰਘ ਦੇ ਬਾਣੇ ’ਚ ਆਏ ਵਿਅਕਤੀ ਨੇ ਉਸ ’ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਹਿਚਾਣ ਗੁਰਦਰਸ਼ਨ ਸਿੰਘ ਵਾਸੀ ਪਿੰਡ ਭੱਟੀ ਕਲਾਂ ਵੱਜੋਂ ਹੋਈ ਹੈ।
ਘਟਨਾ ਸੰਗਰੂਰ ਜ਼ਿਲੇ ਦੇ ਹਲਕਾ ਦਿੜ੍ਹਬਾ ਦੀ ਦੱਸੀ ਜਾ ਰਹੀ ਹੈ। ਜਿੱਥੇ ਇੱਕ ਨਿਹੰਗ ਸਿੰਘ ਨੇ ਨੌਜਵਾਨ ਨੂੰ ਤਲਵਾਰ ਮਾਰ-ਮਾਰ ਕੇ ਜ਼ਖ਼ਮੀ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਪਿੰਡ ਖਨਾਲ ਕਲਾਂ ’ਚ ਏਸੀ-ਫਰਿਜ਼ ਰਿਪੇਅਰ ਅਤੇ ਪ੍ਰਚੂਨ ਦੀ ਦੁਕਾਨ ਦਾ ਕੰਮ ਕਰਦਾ ਸੀ, ਜਿੱਥੇ ਇੱਕ ਵਿਅਕਤੀ ਨੇ ਉਸ ’ਤੇ ਬੇਰਹਿਮੀ ਨਾਲ ਹਮਲਾ ਕਰਕੇ ਉਸ ਦੀ ਜਾਨ ਲੈ ਲਈ। ਫਿਲਹਾਲ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਇੰਨਸਾਫ਼ ਦੀ ਮੰਗ ਕੀਤੀ ਹੈ ਅਤੇ ਦੋਸ਼ੀ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਇਸ ਸਬੰਧੀ ਥਾਣਾ ਦਿੜ੍ਹਬਾ ਦੇ SHO ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਸ਼ੁਰੂਆਤ ਤਫਤੀਸ਼ ਮੁਤਾਬਕ ਕਿਸੇ ਬਿੱਟੂ ਸਿੰਘ ਨਾਂਅ ਸਾਹਮਣੇ ਆ ਰਿਹਾ ਹੈ, ਬਾਕੀ ਹੋਰ ਜਾਂਚ ਕੀਤੀ ਜਾ ਰਹੀ ਹੈ।