ਰੋਪੜ ਸ਼ਹਿਰ ਦੇ ਸਿਟੀ ਸੈਂਟਰ ’ਚ ਕੰਮ ਕਰਦੇ ਇੱਕ ਵਿਅਕਤੀ ਦੀ ਸ਼ੱਕੀ ਹਾਦਸੇ ਦੌਰਾਨ ਝੁਲਸਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਰਾਜਸਥਾਨ ਦੇ ਮਨੀਸ਼ ਕੁਮਾਰ ਸੀਕਰੀ ਵੱਜੋਂ ਹੋਈ ਹੈ। ਘਟਨਾ ਵੀਰਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ, ਜਦੋਂ ਅਚਾਨਕ ਏਅਰ ਕੰਡਨੀਸ਼ਰ ਫੱਟ ਗਿਆ ਤੇ ਭਿਆਨਕ ਧਮਾਕਾ ਹੋਇਆ। ਇਸ ਦੌਰਾਨ ਮਨੀਸ਼ ਕੁਮਾਰ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਮਨੀਸ਼ ਕੁਮਾਰ ਸਿਕਰੀ ਰੋਪੜ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਂਕ ਨੇੜੇ ਸਥਿਤ ਆਰਪੀ ਸਕੈਨ ਸੈਂਟਰ ’ਤੇ ਕੰਮ ਕਰਦਾ ਸੀ। ਵੀਰਵਾਰ ਦੀ ਦੇਰ ਰਾਤ ਉਹ ਸਕੈਨ ਸੈਂਟਰ ’ਚ ਹੀ ਸੀ ਕਿ ਅਚਾਨਕ ਏਸੀ ਫੱਟਣ ਕਾਰਨ ਭਿਆਨਕ ਧਮਾਕਾ ਹੋਇਆ ਤੇ ਉਹ ਬੁਰੀ ਤਰ੍ਹਾਂ ਝੁਲਸ ਗਿਆ ਤੇ ਜਾਨ ਤੋਂ ਹੱਥ ਧੋਅ ਬੈਠਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।