ਵਾਸ਼ਿੰਗਟਨ/ਬਗਦਾਦ: ਈਰਾਨ ਜੰਗ ਦੌਰਾਨ ਅਮਰੀਕੀ ਫੌਜ ਨੂੰ ਇੱਕ ਹੋਰ ਝਟਕਾ ਲੱਗਾ ਹੈ। ਈਰਾਨ ਵਿਰੁੱਧ ਚੱਲ ਰਹੇ ਆਪ੍ਰੇਸ਼ਨ ਵਿੱਚ ਹਿੱਸਾ ਲੈਣ ਵਾਲਾ ਇੱਕ ਅਮਰੀਕੀ ਫੌਜੀ ਰਿਫਿਊਲਿੰਗ ਜਹਾਜ਼ (Boeing KC-135 Stratotanker) ਇਰਾਕ ਵਿੱਚ ਹਾਦਸਾਗ੍ਰਸਤ ਹੋ ਗਿਆ। ਅਮਰੀਕੀ ਸੈਂਟਰਲ ਕਮਾਂਡ ਵਲੋਂ ਇਸ ਹਾਦਸੇ ਦੀ ਪੁਸ਼ਟੀ ਕੀਤੀ ਗਈ। ਇਹ ਤੁਰੰਤ ਅਧਿਕਾਰਤ ਤੌਰ ‘ਤੇ ਪਤਾ ਨਹੀਂ ਲੱਗ ਸਕਿਆ ਕਿ ਕੋਈ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ। ਇਸ ਵਿੱਚ ਪੰਜ ਅਮਰੀਕੀ ਸੈਨਿਕ ਸਵਾਰ ਸਨ। ਇਸ ਘਟਨਾ ਤੋਂ ਬਾਅਦ ਈਰਾਨ ਅਤੇ ਅਮਰੀਕਾ ਦੇ ਦਾਅਵਿਆਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਹਲਚਲ ਮਚਾ ਦਿੱਤੀ ਹੈ।
ਅਮਰੀਕਾ ਨੇ ਦਾਅਵਿਆਂ ਨੂੰ ਨਕਾਰਿਆ
ਦੂਜੇ ਪਾਸੇ, ਅਮਰੀਕੀ ਸੈਂਟਰਲ ਕਮਾਂਡ (CENTCOM) ਨੇ ਜਹਾਜ਼ ਦੇ ਡਿੱਗਣ ਦੀ ਪੁਸ਼ਟੀ ਤਾਂ ਕੀਤੀ ਹੈ, ਪਰ ਕਿਸੇ ਵੀ ਤਰ੍ਹਾਂ ਦੇ ਹਮਲੇ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਅਮਰੀਕਾ ਮੁਤਾਬਕ ਇਹ ਘਟਨਾ ‘ਆਪ੍ਰੇਸ਼ਨ ਐਪਿਕ ਫਿਊਰੀ’ ਦੌਰਾਨ ਵਾਪਰੀ। ਘਟਨਾ ਵੇਲੇ ਦੋ ਜਹਾਜ਼ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਇੱਕ ਕਰੈਸ਼ ਹੋ ਗਿਆ ਅਤੇ ਦੂਜਾ ਸੁਰੱਖਿਅਤ ਉਤਰ ਗਿਆ। ਅਮਰੀਕਾ ਨੇ ਸਪੱਸ਼ਟ ਕੀਤਾ ਕਿ ਇਹ ਕੋਈ ਦੁਸ਼ਮਣ ਦਾ ਹਮਲਾ ਜਾਂ ‘ਫ੍ਰੈਂਡਲੀ ਫਾਇਰ’ ਨਹੀਂ ਸੀ। ਫਿਲਹਾਲ ਬਚਾਅ ਕਾਰਜ ਜਾਰੀ ਹਨ।
ਈਰਾਨ ਦਾ ਵੱਡਾ ਦਾਅਵਾ: ‘ਮਿਜ਼ਾਈਲ ਨਾਲ ਉਡਾਇਆ ਜਹਾਜ਼’
ਈਰਾਨੀ ਸਰਕਾਰੀ ਮੀਡੀਆ ਅਤੇ ‘ਪ੍ਰੈੱਸ ਟੀਵੀ’ ਨੇ ਦਾਅਵਾ ਕੀਤਾ ਹੈ ਕਿ ਇਹ ਜਹਾਜ਼ ਕੋਈ ਹਾਦਸਾਗ੍ਰਸਤ ਨਹੀਂ ਹੋਇਆ, ਸਗੋਂ ਇਸਨੂੰ ‘ਰੈਜ਼ਿਸਟੈਂਸ ਗਰੁੱਪ’ ਵੱਲੋਂ ਮਿਜ਼ਾਈਲ ਮਾਰ ਕੇ ਡੇਗਿਆ ਗਿਆ ਹੈ। ਈਰਾਨੀ ਫੌਜ ਦੇ ਬੁਲਾਰੇ ਮੁਤਾਬਕ, ਜਹਾਜ਼ ਵਿੱਚ ਸਵਾਰ ਸਾਰੇ 6 ਅਮਰੀਕੀ ਸੈਨਿਕ ਮਾਰੇ ਜਾਣ ਦਾ ਖਦਸ਼ਾ ਹੈ। ਇਸ ਦੇ ਨਾਲ ਹੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਜਹਾਜ਼ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਜਦੋਂ ਉਹ ਇੱਕ ਲੜਾਕੂ ਜਹਾਜ਼ ਵਿੱਚ ਤੇਲ ਭਰ ਰਿਹਾ ਸੀ।

