ਜਲਾਲਾਬਾਦ : ਗੁਆਂਢੀ ਮੁਲਕ ਪਾਕਿਸਤਾਨ ਆਪਣੀਆਂ ਨਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਇਸੇ ਤਰ੍ਹਾਂ ਹੀ ਬੀਤੀ ਰਾਤ ਸਰਹੱਦ ਤੋਂ ਪਾਕਿਸਤਾਨ ਤਸਕਰਾਂ ਵੱਲੋਂ ਡਰੋਨ ਰਾਹੀ ਭੇਜੀ ਗਈ ਹੈਰੋਇਨ ਦੀ ਖੇਪ ਦੀ ਮੂਵਮੈਂਟ ਭਾਰਤ ਵੱਲ ਹੋਈ ਤਾਂ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਤੇ ਪੰਜਾਬ ਪੁਲਸ ਅਧਿਕਾਰੀਆਂ ਵੱਲੋਂ ਅੱਧੀ ਰਾਤ ਨੂੰ ਸਰਚ ਅਭਿਆਨ ਚਲਾਇਆ ਗਿਆ।
ਸਰਚ ਆਪਰੇਸ਼ਨ ਦੌਰਾਨ ਬੀ.ਐੱਸ.ਐੱਫ. ਤੇ ਪੰਜਾਬ ਪੁਲਸ ਸਰਹੱਦੀ ਇਲਾਕੇ ’ਚੋਂ ਹਿੱਕ ਸੜਿਆ ਹੋਇਆ ਡਰੋਨ ਤੇ 5 ਕਿਲੋ 800 ਗ੍ਰਾਮ ਹੈਰੋਇਨ ਦੀ ਵੱਡੀ ਖੇਪ ਬਰਾਮਦ ਹੋਈ। ਐੱਸ.ਐੱਸ.ਪੀ. ਫ਼ਾਜ਼ਿਲਕਾ ਗੁਰਮੀਤ ਸਿੰਘ ਨੇ ਦੱਸਿਆ ਕਿ ਸਰਹੱਦੀ ਬੀ.ਓ.ਪੀ. ਸੰਤੋਖ ਸਿੰਘ ਵਾਲਾ ਦੇ ਨਜ਼ਦੀਕ ਦੇਰ ਰਾਤ ਪਾਕਿਸਤਾਨ ਵਾਲੀ ਸਾਈਡ ਤੋਂ ਇੱਕ ਡਰੋਨ ਦੀ ਮੂਵਮੈਂਟ ਭਾਰਤ ਵੱਲ ਹੋਈ ਸੀ। ਇੱਕ ਡਰੋਨ ਹੈਰੋਇਨ ਦੀ ਖੇਪ ਲੈ ਕੇ ਆ ਰਿਹਾ ਸੀ, ਜੋ ਖੇਤਾਂ ਉੱਪਰੋਂ ਗੁਜ਼ਰਦੀਆਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਚਪੇਟ ਵਿੱਚ ਆਉਣ ਕਾਰਨ ਕਰੈਸ਼ ਹੋ ਗਿਆ ਅਤੇ ਸੜ ਕੇ ਖੇਤ ਵਿੱਚ ਡਿੱਗ ਪਿਆ।
ਉਨ੍ਹਾਂ ਆਖਿਆ ਕਿ ਸੂਚਨਾ ਮਿਲਣ ’ਤੇ ਪੁਲਸ ਅਤੇ ਬੀ.ਐੱਸ.ਐੱਫ. ਵੱਲੋਂ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਮੁਹਿੰਮ ਦੌਰਾਨ ਖੇਤ ‘ਚੋਂ ਸੜੀ ਹੋਈ ਹਾਲਤ ਵਿੱਚ 1 ਡਰੋਨ ਅਤੇ 5 ਕਿਲੋਗ੍ਰਾਮ 800 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਵੱਲੋਂ ਹੈਰੋਇਨ ਤੇ ਡਰੋਨ ਨੂੰ ਕਬਜ਼ੇ ‘ਚ ਲੈ ਕੇ ਅਣਪਛਾਤੇ ਵਿਅਕਤੀਆਂ ਵਿਰੁੱਧ ਥਾਣਾ ਸਦਰ ਜਲਾਲਾਬਾਦ ਵਿਖੇ ਐੱਨ.ਡੀ.ਪੀ.ਐੱਸ. ਐਕਟ ਅਤੇ ਏਅਰਕ੍ਰਾਫਟ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

