ਗਾਂਧੀਨਗਰ : ਗੁਜਰਾਤ ਵਿਧਾਨ ਸਭਾ ਕੰਪਲੈਕਸ ਵਿੱਚ ਬੁੱਧਵਾਰ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਮਹਿਜ਼ ਕੁਝ ਮਿੰਟ ਪਹਿਲਾਂ ਇੱਕ ਈਮੇਲ ਰਾਹੀਂ ਬੰਬ ਹੋਣ ਦੀ ਧਮਕੀ ਮਿਲੀ। ਇਹ ਧਮਕੀ ਚੱਲ ਰਹੇ ਬਜਟ ਸੈਸ਼ਨ ਦੌਰਾਨ ਮਿਲੀ, ਜਿਸ ਤੋਂ ਬਾਅਦ ਪੂਰੀ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ। ਪੁਲਸ ਵਲੋਂ ਤੁਰੰਤ ਰੈਸਕਿਊ ਅਤੇ ਸਰਚ ਆਪ੍ਰੇਸ਼ਨ ਚਲਾਇਆ ਗਿਆ।
ਡਿਪਟੀ ਸੁਪਰਡੈਂਟ ਆਫ਼ ਪੁਲਸ (DSP) ਪੀਯੂਸ਼ ਵਾਂਡਾ ਨੇ ਦੱਸਿਆ ਕਿ ਵਿਧਾਨ ਸਭਾ ਦੀ ਕਾਰਵਾਈ ਸਵੇਰੇ 9 ਵਜੇ ਸ਼ੁਰੂ ਹੋਣੀ ਸੀ। ਪ੍ਰਸ਼ਾਸਨ ਨੂੰ ਇਸ ਧਮਕੀ ਭਰੀ ਈਮੇਲ ਬਾਰੇ ਸਵੇਰੇ 8:45 ਵਜੇ ਪਤਾ ਲੱਗਿਆ। ਈਮੇਲ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੰਪਲੈਕਸ ਵਿੱਚ ਬੰਬ ਰੱਖਿਆ ਗਿਆ ਹੈ। ਧਮਕੀ ਮਿਲਦੇ ਹੀ ਸੁਰੱਖਿਆ ਕਰਮੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਸਾਰੇ ਵਿਧਾਇਕਾਂ (MLAs) ਅਤੇ ਸਟਾਫ ਨੂੰ ਤੁਰੰਤ ਇਮਾਰਤ ਤੋਂ ਬਾਹਰ ਜਾਣ ਲਈ ਕਿਹਾ। ਸਥਾਨਕ ਪੁਲਸ ਅਤੇ ਬੰਬ ਨਿਰੋਧਕ ਦਸਤੇ ਨੇ ਪੂਰੇ ਕੰਪਲੈਕਸ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ।

