ਨੈਸ਼ਨਲ : ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਬ੍ਰਿਜੇਸ਼ਵਰੀ ਐਨੈਕਸ ਕਲੋਨੀ ਵਿੱਚ ਇੱਕ ਰਿਹਾਇਸ਼ੀ ਮਕਾਨ ਨੂੰ ਇਲੈਕਟ੍ਰਿਕ ਕਾਰ (EV) ਚਾਰਜ ਦੌਰਾਨ ਧਮਾਕਾ ਹੋਣ ਕਾਰਨ ਭਿਆਨਕ ਅੱਗ ਲੱਗ ਗਈ। ਇਸ ਘਟਨਾ ਦੌਰਾਨ ਇੱਕੋ ਪਰਿਵਾਰ ਦੇ 7 ਮੈਂਬਰਾਂ ਦੀ ਜਿਊਂਦੇ ਸੜ ਜਾਣ ਕਾਰਨ ਮੌਤ ਹੋ ਗਈ। ਇਸ ਹਾਦਸੇ ਵਿੱਚ ਤਿੰਨ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਬਚਾਅ ਟੀਮਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ।
ਹਾਦਸੇ ਦਾ ਮੁੱਖ ਕਾਰਨ: EV ਚਾਰਜਿੰਗ ਅਤੇ ਗੈਸ ਬਲਾਸਟ
ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਾਦਸਾ ਦੇਰ ਰਾਤ ਉਸ ਸਮੇਂ ਵਾਪਰਿਆ, ਜਦੋਂ ਮਕਾਨ ਦੇ ਬਾਹਰ ਇੱਕ ਇਲੈਕਟ੍ਰਿਕ ਕਾਰ (EV) ਚਾਰਜ ਹੋ ਰਹੀ ਸੀ। ਚਾਰਜਿੰਗ ਦੌਰਾਨ ਹੋਏ ਸ਼ਾਰਟ ਸਰਕਟ ਹੋਣ ਕਾਰਨ ਕਾਰ ਵਿਚ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ। ਅੱਗ ਦੀ ਲਪੇਟ ਵਿੱਚ ਆਉਣ ਕਾਰਨ ਘਰ ਵਿੱਚ ਰੱਖੇ 4 ਗੈਸ ਸਿਲੰਡਰ ਵੀ ਬਲਾਸਟ ਹੋ ਗਏ, ਜਿਸ ਨਾਲ ਪੂਰਾ ਇਲਾਕਾ ਕੰਬ ਗਿਆ। ਇਸ ਤੋਂ ਬਾਅਦ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।ਹੈਰਾਨੀਜਨਕ ਗੱਲ ਇਹ ਹੈ ਕਿ ਘਰ ਵਿੱਚ ਕਰੀਬ 15 ਹੋਰ ਗੈਸ ਸਿਲੰਡਰ ਵੀ ਮੌਜੂਦ ਸਨ। ਜੇਕਰ ਉਨ੍ਹਾਂ ਕਾਰਨ ਵੀ ਧਮਾਕਾ ਹੁੰਦਾ ਤਾਂ ਜਾਨੀ-ਮਾਲੀ ਨੁਕਸਾਨ ਹੋਰ ਵੀ ਵੱਧ ਹੋ ਸਕਦਾ ਸੀ।
ਜਿਸ ਘਰ ਵਿਚ ਇਹ ਘਟਨਾ ਵਾਪਰੀ, ਉਥੇ ਪਰਿਵਾਰਕ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ, ਜਿਸ ਕਾਰਨ ਕੁਝ ਰਿਸ਼ਤੇਦਾਰ ਉੱਥੇ ਰੁਕੇ ਹੋਏ ਸਨ। ਅਚਾਨਕ ਵਾਪਰੇ ਇਸ ਕਹਿਰ ਨੇ ਖੁਸ਼ੀਆਂ ਵਾਲੇ ਘਰ ਵਿੱਚ ਮਾਤਮ ਪਸਾਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ, “ਅੱਗ ਬੁੱਧਵਾਰ ਤੜਕੇ 3:30 ਤੋਂ 4:30 ਵਜੇ ਦੇ ਵਿਚਕਾਰ ਲੱਗੀ। ਫਿਲਹਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ।

