ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਰਾਜ ਵਿਧਾਨ ਸਭਾ ‘ਚ ਵਿੱਤ ਸਾਲ 2026-27 ਲਈ ਸ਼ਨੀਵਾਰ ਨੂੰ 54,928 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਆਪਣਾ ਚੌਥਾ ਬਜਟ ਪੇਸ਼ ਕਰ ਰਹੇ ਸੁੱਖੂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ‘ਚ ਕਿਹਾ ਕਿ ਮਾਲੀਆ ਘਾਟਾ ਗ੍ਰਾਂਟ (ਆਰਡੀਜੀ) ਬੰਦ ਕੀਤੇ ਜਾਣ ਨਾਲ ਸਾਲਾਨਾ ਬਜਟ ਪ੍ਰਭਾਵਿਤ ਹੋਇਆ ਹੈ ਅਤੇ ਉਨ੍ਹਾਂ ਨੇ ਭਾਜਪਾ ‘ਤੇ ਸੂਬੇ ਦੇ ਹਿੱਤਾਂ ਦਾ ਸਮਰਥਨ ਨਹੀਂ ਕਰਨ ਦਾ ਦੋਸ਼ ਲਗਾਇਆ। ਸੁੱਖੂ ਨੇ ਕਿਹਾ,”ਵਿਰੋਧੀ ਭਾਜਪਾ ਇਸ ਕਠਿਨ ਸਮੇਂ ‘ਚ ਸੂਬੇ ਨਾਲ ਖੜ੍ਹੀ ਨਹੀਂ ਹੋਈ ਅਤੇ ਇਤਿਹਾਸ ਉਸ ਨੂੰ ਕਦੇ ਮੁਆਫ਼ ਨਹੀਂ ਕਰੇਗਾ।”
ਭਾਜਪਾ ਮੈਂਬਰਾਂ ਨੇ ਤੁਰੰਤ ਪ੍ਰਤੀਕਿਰਿਆ ਦਿੰਦੇ ਹੋਏ ਇਸ ਭਾਸ਼ਣ ‘ਤੇ ਨਾਰਾਜ਼ਗੀ ਜਤਾਈ ਅਤੇ ਸਦਨ ਦੇ ਵਿਚੋ-ਵਿਚ ਆ ਕੇ ਨਾਅਰੇਬਾਜ਼ੀ ਕੀਤੀ। ਨਾਅਰੇਬਾਜ਼ੀ ਜਾਰੀ ਰਹਿਣ ‘ਤੇ ਸਪੀਕਰ ਨੇ ਸਦਨ ਦੀ ਕਾਰਵਾਈ ਦੁਪਹਿਰ 11.30 ਵਜੇ ਤੱਕ ਮੁਲਤਵੀ ਕਰ ਦਿੱਤੀ, ਜਿਸ ਤੋਂ ਬਾਅਦ ਭਾਜਪਾ ਮੈਂਬਰ ਸਦਨ ਤੋਂ ਬਾਹਰ ਚਲੇ ਗਏ ਪਰ ਕਾਂਗਰਸ ਦੇ ਵਿਧਾਇਕ ਆਪਣੀਆਂ ਸੀਟਾਂ ‘ਤੇ ਬੈਠੇ ਰਹੇ। ਕੁਝ ਮਿੰਟਾਂ ਬਾਅਦ ਭਾਜਪਾ ਮੈਂਬਰ ਪਰਤੇ ਅਤੇ ਨਾਅਰੇਬਾਜ਼ੀ ਜਾਰੀ ਰੱਖੀ, ਜਦੋਂ ਕਿ ਮੁੱਖ ਮੰਤਰੀ ਬਜਟ ਭਾਸ਼ਣ ਦਿੰਦੇ ਰਹੇ। ਸੁੱਖੂ ਨੇ ਕਿਹਾ ਕਿ ਦੁਨੀਆ ਭਰ ‘ਚ ਜਾਰੀ ਸੰਘਰਸ਼ਾਂ ਦਾ ਅਸਰ ਸੂਬੇ ‘ਤੇ ਵੀ ਪੈਣ ਲੱਗਾ ਹੈ ਅਤੇ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਯੁੱਧ ਕਾਰਨ ਐੱਲਪੀਜੀ ਦੀਆਂ ਕੀਮਤਾਂ ਵਧ ਰਹੀਆਂ ਹਨ।

