ਪੰਚਕੂਲਾ- ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਹੁਣ ਤੋਂ ਹੀ ਸਰਗਰਮ ਹੋ ਗਈ ਹੈ। ਪਾਰਟੀ ਵਲੋਂ ਲੋਕਾਂ ਨੂੰ ਲੁਭਾਉਣ ਲਈ ਮੁੱਖ ਮੰਤਰੀ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵਲੋਂ ਪੰਚਕੂਲਾ ‘ਚ ‘ਕੇਜਰੀਵਾਲ ਦੀਆਂ ਗਾਰੰਟੀਆਂ’ ਦਾ ਐਲਾਨ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਦਲਾਂਗੇ ਹਰਿਆਣਾ ਦਾ ਹਾਲ, ਹੁਣ ਲਿਆਵਾਂਗੇ ਕੇਜਰੀਵਾਲ। ਮਾਨ ਮੁਤਾਬਕ ਰਾਜਨੀਤੀ ਨੂੰ ਅਸੀਂ ਧੰਦਾ ਨਹੀਂ ਸਮਝਦੇ ਸਗੋਂ ਇਹ ਸਾਡੇ ਲਈ ਇਕ ਜਨੂੰਨ ਸੀ। ਹਰਿਆਣਾ ਦੇ ਲੋਕਾਂ ਨੇ ਹਰ ਪਾਰਟੀ ਨੂੰ ਸਮਾਂ ਦੇ ਕੇ ਵੇਖਿਆ ਪਰ ਕੋਈ ਚੰਗਾ ਨਹੀਂ ਨਿਕਲਿਆ।
ਜਦੋਂ ਅਸੀਂ ਜੀਂਦ, ਸੋਨੀਪਤ, ਕੈਥਲ, ਕੁਰੂਕੇਸ਼ਤਰ ਗਏ ਤਾਂ ਲੋਕ ਸਾਨੂੰ ਕਹਿੰਦੇ ਸਨ ਕਿ ਸਾਡੇ ਇੱਥੇ ਆ ਜਾਓ, ਸਾਡੀ ਵੀ ਜ਼ਿੰਦਗੀ ਸੁਧਰ ਜਾਵੇਗੀ।ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੇਜਰੀਵਾਲ ਗਾਰੰਟੀ ਦਿੰਦਾ ਹੈ। ਭਾਜਪਾ ਘੋਸ਼ਣਾ ਪੱਤਰ ਜਾਂ ਮੈਨੀਫੈਸਟੋ ਦਿੰਦੀ ਸੀ। ਮਾਨ ਨੇ ਕਿਹਾ ਕਿ ਜਦੋਂ ਵੱਜਣ ਲੱਗੀਆਂ ਖ਼ਤਰੇ ਦੀਆਂ ਘੰਟੀਆਂ, ਤਾਂ ਮੋਦੀ ਜੀ ਨੂੰ ਯਾਦ ਆਈਆਂ ਕੇਜਰੀਵਾਲ ਦੀਆਂ ਗਾਰੰਟੀਆਂ।
ਉਨ੍ਹਾਂ ਕਿਹਾ ਕਿ ਗਾਰੰਟੀਆਂ ਵਿਚ ਵੀ ਫ਼ਰਕ ਹੁੰਦਾ ਹੈ। ਜਦੋਂ ਮਾਲ ਹੀ ਨਕਲੀ ਹੈ ਤਾਂ ਗਾਰੰਟੀ ਦਾ ਕੀ ਫਾਇਦਾ। ਅਸਲੀ ਮਾਲ ਦੀ ਗਾਰੰਟੀ ਦਿੱਤੀ ਜਾਂਦੀ ਹੈ, ਗਾਰੰਟੀ ਕੇਜਰੀਵਾਲ ਦੀ ਹੈ। ਮਾਨ ਨੇ ਕਿਹਾ ਕਿ ਪੰਜਾਬ ਵਿਚ ਢਾਈ ਸਾਲ ਹੋ ਗਏ ਸਰਕਾਰ ਬਣੀ ਨੂੰ, ਇਨ੍ਹਾਂ ਢਾਈ ਸਾਲਾਂ ਵਿਚ 43 ਹਜ਼ਾਰ ਨੌਕਰੀਆਂ ਦਿੱਤੀਆਂ ਹਨ। 43 ਹਜ਼ਾਰ ਵਿਚੋਂ ਇਕ ਬੰਦਾ ਉੱਠ ਕੇ ਆਖ ਦੇਵੇ ਕਿ ਇਕ ਰੁਪਇਆ ਵੀ ਰਿਸ਼ਵਤ ਦਾ ਲਿਆ ਗਿਆ ਹੋਵੇ।