ਆਮ ਆਦਮੀ ਪਾਰਟੀ ਪੰਜਾਬ ਸਰਕਾਰ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦਾ ਪੁਲਿਸ ਪ੍ਰਸ਼ਾਸ਼ਨ ਨਸ਼ਾ ਤਸਕਰਾਂ ਵਿਰੁੱਧ ਲਗਾਤਾਰ ਕਾਰਵਾਈ ਕਰ ਰਿਹਾ ਹੈ। ਇਸੇ ਤਰ੍ਹਾਂ ਫਾਜਿਲਕਾ ਜ਼ਿਲ੍ਹੇ ਦੀ ਪੁਲਿਸ ਨੇ 4 ਨਸ਼ਾ ਤਸਕਰਾਂ ਨੂੰ ਕਾਬੂ ਕਰਦੇ ਹੋਏ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਇਸਦੇ ਨਾਲ ਹੀ ਪੁਲਿਸ ਨੇ ਫੜੇ ਗਏ ਮੁਲਜ਼ਮਾਂ ਤੋਂ 1 ਕਿਲੋ 560 ਗ੍ਰਾਮ ਹੈਰੋਇਨ ਅਤੇ 8 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਮਾਮਲਾ ਅਬੋਹਰ ਤੋਂ ਹੈ ਜਿੱਥੇ ASI ਮਨਜੀਤ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਸੈਲ ਅਬੋਹਰ ਵੱਲੋਂ ਸਾਥੀ ਕਰਮਚਾਰੀਆ ਦੇ ਨਾਲ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਆਭਾ ਲਾਇਬ੍ਰੇਰੀ ਦੇ ਸਾਹਮਣੇ ਇੱਕ i-ten ਕਾਰ ਖੜੀ ਦਿਖਾਈ ਦਿੱਤੀ। ਪੁਲਿਸ ਵੱਲੋਂ ਜਦੋਂ ਸ਼ੱਕੀ ਹਾਲਾਤਾਂ ’ਚ ਕਾਰ ਦੀ ਚੈਕਿੰਗ ਕੀਤੀ ਗਈ ਤਾਂ ਕਾਰ ਵਿੱਚੋਂ 1 ਕਿਲੋ 560 ਗ੍ਰਾਮ ਹੈਰੋਇਨ ਮਿਲੀ। ਇਸ ਦੇ ਨਾਲ ਹੀ ਪੁਲਿਸ ਨੇ ਕਾਰ ਸਵਾਰਾ ਚਾਰਾਂ ਨੌਜਵਾਨਾਂ ਨੂੰ ਹਿਰਾਸਤ ’ਚ ਲੈ ਲਿਆ।
ਕਾਬੂ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਜਸਵਿੰਦਰ ਸਿੰਘ ਉਰਫ ਸੋਨੂੰ ਵਾਸੀ ਅਬੋਹਰ, ਅਮਨਪ੍ਰੀਤ ਸਿੰਘ ਉਰਫ ਡੌਲੀ ਵਾਸੀ ਨੂਰਸ਼ਾਹ ਉਰਫ ਵੱਲੇਸ਼ਾਹ ਉਤਾੜ, ਗੁਰਵਿੰਦਰ ਸਿੰਘ ਉਰਫ ਕਾਕਾ ਵਾਸੀ ਸ੍ਰੀ ਗੰਗਾਨਗਰ ਅਤੇ ਗੁਰਜੀਤ ਸਿੰਘ ਉਰਫ ਗੀਤੂ ਸ੍ਰੀ ਗੰਗਾਨਗਰ ਵਜੋਂ ਹੋਈ ਹੈ। ਇਸ ਤੋਂ ਬਾਅਦ ਜਦੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਪਾਸੋਂ 8 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਨਿਊ ਹਾਂਲੈਂਡ ਟਰੈਕਟਰ ਸਮੇਤ ਟਰਾਲੀ ਵੀ ਬਰਾਮਦ ਕੀਤਾ ਗਿਆ। ਫਿਲਹਾਲ ਪੁਲਿਸ ਅਧਿਕਾਰੀਆਂ ਵੱਲੋਂ ਅੱਗੇ ਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।