ਨਵਾਂਸ਼ਹਿਰ – ਪੰਜਾਬ ਵਿਚ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਨਵਾਂਸ਼ਹਿਰ ਨੇੜਲੇ ਪਿੰਡ ਬੱਕਾਪੁਰ ਦੇ ਖੇਡ ਮੈਦਾਨ ‘ਚ ਕ੍ਰਿਕਟ ਖੇਡ ਰਹੇ ਨੌਜਵਾਨ ‘ਤੇ ਅਸਮਾਨੀ ਬਿਜਲੀ ਡਿੱਗਣ ਨਾਲ ਇਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਬਾਕੀ ਨੌਜਵਾਨ ਅਰਧ ਬੇਹੋਸ਼ ਹੋ ਗਏ, ਜਿਨ੍ਹਾਂ ‘ਚੋਂ 2 ਨੌਜਵਾਨਾਂ ਨੂੰ ਗੰਭੀਰ ਹਾਲਤ ‘ਚ ਇਲਾਜ ਲਈ ਨਵਾਂਸ਼ਹਿਰ ਦੇ ਰਾਜਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ।
ਹਸਪਤਾਲ ਦੇ ਕੰਪਲੈਕਸ ‘ਚ ਜਾਣਕਾਰੀ ਦਿੰਦੇ ਪਿੰਡ ਦੀ ਸਰਪੰਚ ਹਰਪਾਲ ਕੌਰ, ਉਸ ਦੇ ਪਤੀ ਮੇਹਰਬਾਨ ਸਿੰਘ ਅਤੇ ਪਿੰਡ ਵਾਸੀ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਪਿੰਡ ਰਸੂਲਪੁਰ ਦੇ ਇਕ ਦਰਜਨ ਦੇ ਕਰੀਬ ਨੌਜਵਾਨ ਪਿੰਡ ਬੱਕਾਪੁਰ ਵਿੱਚ ਸਥਿਤ ਖੇਡ ਮੈਦਾਨ ਵਿੱਚ ਕ੍ਰਿਕਟ ਖੇਡ ਰਹੇ ਸਨ। ਉਸ ਨੇ ਦੱਸਿਆ ਕਿ ਕਰੀਬ ਸਾਢੇ 11 ਵਜੇ ਤੇਜ਼ੀ ਨਾਲ ਬਿਜਲੀ ਚਮਕੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਬਿਜਲੀ ਖੇਡ ਦੇ ਮੈਦਾਨ ‘ਚ ਕ੍ਰਿਕਟ ਖੇਡ ਰਹੇ ਨੌਜਵਾਨਾਂ ‘ਤੇ ਡਿੱਗੀ ਹੈ।
ਮੇਹਰਬਾਨ ਨੇ ਦੱਸਿਆ ਕਿ ਬਿਜਲੀ ਡਿੱਗਣ ਕਾਰਨ ਨੌਜਵਾਨ ਤਰੁਣਦੀਪ ਸਿੰਘ (17) ਪੁੱਤਰ ਓਮਕਾਰ ਸਿੰਘ ਵਾਸੀ ਪਿੰਡ ਰਸੂਲਪੁਰ ਜੋਕਿ ਨੰਗੇ ਪੈਰੀਂ ਖੇਡ ਰਿਹਾ ਸੀ, ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਬਿਜਲੀ ਡਿੱਗਣ ਕਾਰਨ ਹੋਰ ਨੌਜਵਾਨ ਵੀ ਅਰਧ-ਹੋਸ਼ ਹਾਲਤ ਵਿੱਚ ਇੱਧਰ-ਉਧਰ ਡਿੱਗ ਪਏ। ਉਨ੍ਹਾਂ ਦੱਸਿਆ ਕਿ ਗੰਭੀਰ ਹਾਲਤ ਵਾਲੇ ਨੌਜਵਾਨ ਤਰੁਣਦੀਪ ਸਿੰਘ, ਜੱਸੀ (17) ਪੁੱਤਰ ਲਛਮਣਰਾਮ ਅਤੇ ਅੰਸ਼ਪ੍ਰੀਤ ਸਿੰਘ (18) ਪੁੱਤਰ ਤਾਰੀ ਰਾਮ ਤਿੰਨੋਂ ਵਾਸੀ ਪਿੰਡ ਰਸੂਲਪੁਰ ਨੂੰ ਇਲਾਜ ਲਈ ਨਵਾਂਸ਼ਹਿਰ ਦੇ ਰਾਜਾ ਹਸਪਤਾਲ ‘ਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਤਰੁਣਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਖ਼ਬਰ ਲਿਖੇ ਜਾਣ ਤੱਕ ਦੋ ਹੋਰਨਾਂ ਨੌਜਵਾਨ ਪੂਰੀ ਤਰ੍ਹਾਂ ਹੋਸ਼ ‘ਚ ਨਹੀਂ ਸਨ।
ਸਰਪੰਚ ਮੇਹਰਬਾਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਤਰੁਣਦੀਪ ਸਿੰਘ ਅਜੇ 11ਵੀਂ ਜਮਾਤ ਵਿੱਚ ਪੜ੍ਹਦਾ ਸੀ। ਤਰੁਣਦੀਪ ਸਿੰਘ ਦੀ ਮੌਤ ਦੀ ਸੂਚਨਾ ਮਿਲਦੇ ਹੀ ਉਸ ਦੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚੇ ਅਤੇ ਇਲਾਕੇ ਵਿਚ ਮੌਤ ਦੀ ਖ਼ਬਰ ਨਾਲ ਸੋਗ ਦੀ ਲਹਿਰ ਦੌੜ ਪਈ। ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

