ਨੈਸ਼ਨਲ: ਹਰਿਆਣਾ ਦੇ ਨਾਰਨੌਲ ‘ਚ ਇੱਕ ਬਹੁਤ ਹੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਨੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਪੁਨੀਤ ਬੁਲਾਨਾ ਨੂੰ ਕਰੋੜਾਂ ਰੁਪਏ ਦਾ ਬਿਜਲੀ ਬਿੱਲ ਭੇਜ ਦਿੱਤਾ ਹੈ। ਪੁਨੀਤ ਬੁਲਾਨਾ ਅਨੁਸਾਰ ਵਿਭਾਗ ਨੇ ਉਨ੍ਹਾਂ ਦੇ ਘਰ ਦਾ ਬਿੱਲ 78 ਕਰੋੜ 92 ਲੱਖ ਰੁਪਏ ਭੇਜਿਆ ਹੈ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ ਹਨ।
ਜਾਣਕਾਰੀ ਦਿੰਦਿਆ ਪੁਨੀਤ ਬੁਲਾਨਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਹਸਨਪੁਰ ਵਿੱਚ ਉਨ੍ਹਾਂ ਦੀ ਮਾਤਾ ਬਿਮਲਾ ਦੇਵੀ ਦੇ ਨਾਂ ‘ਤੇ 10 ਕਿਲੋਵਾਟ ਦਾ ਇੱਕ ਕਨੈਕਸ਼ਨ ਹੈ। ਇਸ ਕਨੈਕਸ਼ਨ ਨਾਲ ਇੱਕ ਛੋਟੀ ਆਟਾ ਚੱਕੀ ਚਲਦੀ ਸੀ, ਜੋ ਪਿਛਲੇ ਦੋ ਸਾਲਾਂ ਤੋਂ ਬੰਦ ਪਈ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਬਿਜਲੀ ਵਿਭਾਗ ਨੇ ਵੱਡੀ ਲਾਪਰਵਾਹੀ ਵਰਤੀ ਹੈ ਅਤੇ ਇਹ ਬਿੱਲ ਸਰਕਾਰ ਨੇ ਜਾਣਬੁੱਝ ਕੇ ਭੇਜਿਆ ਹੈ।
ਉਨ੍ਹਾਂ ਕਿਹਾ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਬਿੱਲ ਵਿੱਚ ਮੀਟਰ ਰੀਡਿੰਗ ਸਿਰਫ਼ 6 ਦਿਨਾਂ (15 ਮਾਰਚ ਤੋਂ 21 ਮਾਰਚ 2026) ਦੀ ਦਿਖਾਈ ਗਈ ਹੈ। ਵਿਭਾਗ ਅਨੁਸਾਰ ਇਨ੍ਹਾਂ 6 ਦਿਨਾਂ ਵਿੱਚ 9,99,99,429 ਯੂਨਿਟ ਬਿਜਲੀ ਦੀ ਖਪਤ ਹੋਈ ਹੈ, ਜੋ ਕਿ ਕਿਸੇ ਵੀ ਖਪਤਕਾਰ ਲਈ ਬਿਲਕੁਲ ਅਸੰਭਵ ਹੈ। ਬਿੱਲ ਵਿੱਚ ਕੁੱਲ ਦੇਣ ਯੋਗ ਰਾਸ਼ੀ 78,92,75,697 ਰੁਪਏ ਦਰਜ ਹੈ।

