ਚੰਡੀਗੜ੍ਹ/ਜਲੰਧਰ – ਪੰਜਾਬ ਪੁਲਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਚੰਡੀਗੜ੍ਹ ਪੁਲਸ ਨਾਲ ਸਾਂਝੇ ਆਪ੍ਰੇਸ਼ਨ ਵਿਚ ਚੰਡੀਗੜ੍ਹ ਦੇ ਸੈਕਟਰ-37 ’ਚ ਭਾਜਪਾ ਦੇ ਦਫ਼ਤਰ ਦੇ ਬਾਹਰ ਹੋਏ ਗ੍ਰੇਨੇਡ ਹਮਲੇ ਵਿਚ ਸ਼ਾਮਲ 5 ਮੁਲਜ਼ਮਾਂ ਨੂੰ ਇਕ ਹੈਂਡ ਗ੍ਰੇਨੇਡ, ਇਕ .30 ਬੋਰ ਦੀ ਜਿਗਾਨਾ ਪਿਸਤੌਲ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰਕੇ ਇਸ ਮਾਮਲੇ ਨੂੰ ਹੱਲ ਕਰ ਲਿਆ ਹੈ। ਇਹ ਜਾਣਕਾਰੀ ਡੀ. ਜੀ. ਪੀ. ਗੌਰਵ ਯਾਦਵ ਨੇ ਸ਼ਨੀਵਾਰ ਨੂੰ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਮਾਜਰੀ (ਐੱਸ. ਬੀ. ਐੱਸ. ਨਗਰ) ਦੇ ਬਲਵਿੰਦਰ ਲਾਲ ਉਰਫ਼ ਸ਼ੰਮੀ, ਪਿੰਡ ਭਰਾਪੁਰ (ਐੱਸ. ਬੀ. ਐੱਸ. ਨਗਰ) ਦੇ ਜਸਵੀਰ ਸਿੰਘ ਉਰਫ਼ ਜੱਸੀ, ਪਿੰਡ ਸੁਜਾਵਲਪੁਰ (ਐੱਸ. ਬੀ. ਐੱਸ. ਨਗਰ) ਦੇ ਚਰਨਜੀਤ ਸਿੰਘ ਉਰਫ਼ ਚੰਨੀ, ਪਿੰਡ ਠਾਣਾ (ਸ਼ਿਮਲਾ) ਦੇ ਰੂਬਲ ਚੌਹਾਨ ਅਤੇ ਧੂਰੀ (ਸੰਗਰੂਰ) ਦੇ ਮਨਦੀਪ ਉਰਫ਼ ਅਭਿਜੋਤ ਸ਼ਰਮਾ ਵਜੋਂ ਹੋਈ ਹੈ।
ਡੀ. ਜੀ. ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਸ ਮਾਡਿਊਲ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੀ ਹਮਾਇਤ ਹਾਸਲ ਸੀ ਅਤੇ ਇਹ ਪੁਰਤਗਾਲ ਅਤੇ ਜਰਮਨੀ ਵਿਚ ਬੈਠੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ ਸੀ। ਮੁਲਜ਼ਮ ਇਕ ਸੰਗਠਿਤ ਨੈੱਟਵਰਕ ਦਾ ਹਿੱਸਾ ਸਨ, ਜਿਸ ਵਿਚ ਹਮਲੇ ਨੂੰ ਅੰਜਾਮ ਦੇਣ ਲਈ ਕਈ ਕੱਟ-ਆਊਟ ਅਤੇ ਸਬ-ਮਾਡਿਊਲ ਸ਼ਾਮਲ ਸਨ। ਹਮਲੇ ਵਿਚ ਸ਼ਾਮਲ 2 ਮੁੱਖ ਮੁਲਜ਼ਮਾਂ ਦੀ ਪਛਾਣ ਵੀ ਕਰ ਲਈ ਗਈ ਹੈ।

