ਸਿੱਧਵਾਂ ਬੇਟ ਖੇਤ ਕੰਮ ਕਰਨ ਗਏ ਇਕ ਦਿਹਾੜੀਦਾਰ ਮਜ਼ਦੂਰ ਦੀ ਖੇਤ ਮਾਲਕਾਂ ਵਲੋਂ ਅਲਫ ਨੰਗਾ ਕਰ ਕੇ ਵੀਡੀਓ ਬਣਾਉਣ, ਬਿਨਾਂ ਕੱਪੜੇ ਦਿੱਤਿਆਂ ਉਸੇ ਤਰ੍ਹਾਂ ਪਿੰਡ ਭੇਜਣ ਅਤੇ ਜ਼ਲੀਲ ਕਰਨ ਲਈ ਵੀਡੀਓ ਉਸ ਦੇ ਲੜਕੇ ਨੂੰ ਦਿਖਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੰਗਸੀਪੁਰਾ ਵਿਖੇ ਇਕ ਗਰੀਬ ਦਲਿਤ ਦਿਹਾੜੀਦਾਰ ਮਜ਼ਦੂਰ ਕਿਸੇ ਜ਼ਿਮੀਂਦਾਰ ਨਾਲ ਖੇਤ ਕੰਮ ਕਰਨ ਗਿਆ ਸੀ ਜਿੱਥੇ ਉਨ੍ਹਾਂ ਦਾ ਆਪਸ ‘ਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜ਼ਿਮੀਂਦਾਰ ਨੇ ਮਜ਼ਦੂਰ ਨੂੰ ਜ਼ਲੀਲ ਕਰਨ ਲਈ ਆਪਣੇ ਸਾਥੀ ਨਾਲ ਮਿਲ ਕੇ ਪਹਿਲਾਂ ਉਸ ਦੇ ਕੱਪੜੇ ਲਾਹ ਦਿੱਤੇ ਤੇ ਬਾਅਦ ਵਿਚ ਉਸ ਦੀ ਵੀਡੀਓ ਬਣਾ ਲਈ। ਘਟਨਾ ਨੇ ਉਸ ਸਮੇਂ ਤੂਲ ਫੜ ਲਿਆ ਜਦੋਂ ਜ਼ਿਮੀਂਦਾਰਾਂ ਨੇ ਮਜ਼ਦੂਰ ਦੇ ਬੇਟੇ ਨੂੰ ਉਹ ਵੀਡੀਓ ਦਿਖਾ ਦਿੱਤੀ।
ਪੀੜਤ ਨੇ ਜ਼ਿਮੀਦਾਰਾਂ ਦੇ ਘਰ ਜਾ ਕੇ ਵੀਡੀਓ ਡਲੀਟ ਕਰਨ ਅਤੇ ਅੱਗੇ ਕਿਸੇ ਕੋਲ ਗੱਲ ਨਾ ਕਰਨ ਲਈ ਮਿੰਨਤਾਂ ਕੀਤੀਆਂ ਪਰ ਉਨ੍ਹਾਂ ‘ਤੇ ਕੋਈ ਅਸਰ ਨਾ ਹੋਇਆ। ਸ਼ਰਮਸਾਰ ਹੋਏ ਪੀੜਤ ਨੇ ਇਹ ਮਾਮਲਾ ਪਿੰਡ ਦੀ ਪੰਚਾਇਤ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਧਿਆਨ ’ਚ ਲਿਆਂਦਾ। ਪੀੜਤ ਨੇ ਪੰਚਾਇਤ ਅਤੇ ਜਥੇਬੰਦੀਆਂ ਦੀ ਹਾਜ਼ਰੀ ’ਚ ਆਪਣੇ ਨਾਲ ਹੋਈ ਅਣਮਨੁੱਖੀ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਵੀਡੀਓ ਬਣਾ ਲੈਣ ਤੋਂ ਬਾਅਦ ਉਸ ਨੇ ਦੋਵੇਂ ਵਿਅਕਤੀਆਂ ਦੇ ਕੱਪੜੇ ਦੇਣ ਵਾਸਤੇ ਤਰਲੇ ਪਾਏ ਪਰ ਉਨ੍ਹਾਂ ਨੇ ਮੇਰੀ ਇਕ ਨਾ ਸੁਣੀ।
ਉਸ ਨੇ ਇਹ ਵੀ ਦੋਸ਼ ਲਾਇਆ ਕਿ ਦੋਵੇਂ ਵਿਅਕਤੀਆਂ ਨੇ ਉਸ ਦੀ ਜਾਤੀ ਪ੍ਰਤੀ ਵੀ ਅਪਸ਼ਬਦ ਬੋਲੇ। ਪੀੜਤ ਨੂੰ ਇਨਸਾਫ ਦਿਵਾਉਣ ਲਈ ਵਫਦ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਜਥੇਬੰਦਕ ਸਕੱਤਰ ਡਾ. ਸੁਖਦੇਵ ਸਿੰਘ ਭੂੰਦੜੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ ਦੀ ਅਗਵਾਈ ਹੇਠ ਥਾਣਾ ਸਿੱਧਵਾਂ ਬੇਟ ਦੇ ਮੁਖੀ ਨੂੰ ਮਿਲਿਆ ਤੇ ਕਾਰਵਾਈ ਦੀ ਮੰਗ ਕੀਤੀ।