ਪਠਾਨਕੋਟ (ਸ਼ਾਰਦਾ, ਆਦਿੱਤਿਆ)- ਬੀਤੇ ਦਿਨੀਂ ਢਾਕੀ ਰੋਡ ਸਥਿਤ ਨਹਿਰੂ ਨਗਰ ਦੇ ਕੋਲ ਬਾਲਾਜੀ ਕਾਲੋਨੀ ’ਚ ਧਮਕੀ ਭਰੇ ਪੋਸਟਰ ਸੁੱਟਣ ਅਤੇ ਇਨੋਵਾ ਦੀ ਭੰਨਤੋੜ ਕਰਨ ਦੇ ਮਾਮਲੇ ’ਚ ਪੁਲਸ ਨੇ ਕੁਝ ਹੀ ਘੰਟਿਆਂ ’ਚ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਨੂੰ ਕਾਬੂ ਕਰ ਲਿਆ ਹੈ।
ਇਸ ਸਬੰਧੀ ਐੱਸ.ਐੱਸ.ਪੀ. ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਮੁੱਖ ਮੁਲਜ਼ਮ ਨੇ ਬੀਤੇ ਦਿਨ ਸ਼ਹਿਰ ’ਚ ਦਹਿਸ਼ਤ ਪੈਦਾ ਕਰਨ ਦੀ ਸਾਜਿਸ਼ ਨੂੰ ਅੰਜਾਮ ਦਿੱਤਾ ਸੀ, ਉਨ੍ਹਾਂ ਦੱਸਿਆ ਕਿ ਇਸ ਪੋਸਟਰ ’ਤੇ ਪਾਕਿਸਤਾਨ ਜ਼ਿੰਦਾਬਾਦ ਦੇ ਸਲੋਗਨ ਵੀ ਲਿਖੇ ਗਏ ਸਨ ਅਤੇ ਇਸ ਦੀ ਸੂਚਨਾ ਸਥਾਨਕ ਵਾਸੀ ਨਿਤਿਨ ਮਹਾਜਨ ਨੇ ਪੁਲਸ ਨੂੰ ਦਿੱਤੀ ਸੀ ਕਿ ਉਸ ਨੇ ਘਰ ਦੇ ਬਾਹਰ ਸ਼ੱਕੀਆਂ ਦੀਆਂ ਆਵਾਜ਼ਾਂ ਸੁਣੀਆਂ ਹਨ ਅਤੇ ਜਦੋਂ ਉਹ ਬਾਲਕਨੀ ’ਚ ਬੈਟਰੀ ਲੈ ਕੇ ਦੇਖਣ ਲੱਗੇ ਤਾਂ ਉਸ ਨੇ ਸ਼ੱਕੀਆਂ ਨੂੰ ਦੇਖਿਆ, ਜੋ ਜਾਂਦੇ ਸਮੇਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਉੱਥੋਂ ਭੱਜ ਗਏ।
ਐੱਸ.ਐੱਸ.ਪੀ. ਕਾਸਿਮ ਮੀਰ ਨੇ ਦੱਸਿਆ ਕਿ ਜੋ ਇਨੋਵਾ ਤੋੜੀ ਗਈ ਹੈ, ਉਹ ਸੁਰੇਸ਼ ਨਾਮਕ ਵਿਅਕਤੀ ਦੀ ਸੀ, ਜੋ ਕਿ ਪਿਛਲੇ ਕਰੀਬ 2 ਮਹੀਨਿਆਂ ਤੋਂ ਜਾਣਕਾਰੀ ਦੇਣ ਵਾਲੇ ਨਿਤਿਨ ਮਹਾਜਨ ਦੇ ਘਰ ਕੋਲ ਖਾਲੀ ਪਲਾਟ ’ਚ ਖੜ੍ਹੀ ਸੀ, ਜਿਸ ਕਾਰਨ ਉਸ ਨੂੰ ਇਸ ਗੱਲ ’ਤੇ ਇਤਰਾਜ਼ ਸੀ। ਜਿਉਂ ਹੀ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਤਾਂ ਉਨ੍ਹਾਂ ਨੇ ਜਾਂਚ ਸ਼ੁਰੂ ਕਰਦਿਆਂ ਸੂਚਨਾ ਦੇਣ ਵਾਲੇ ਨਿਤਿਨ ਮਹਾਜਨ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਜ਼ਿਸ਼ ਰਚਣ ਦੀ ਗੱਲ ਨੂੰ ਸਵੀਕਾਰ ਕਰ ਲਿਆ।
ਇਸ ਦੇ ਪਿੱਛੇ ਮੁੱਖ ਕਾਰਨ ਇਹ ਸੀ ਕਿ ਜੋ ਇਨੋਵਾ ਉਸ ਦੇ ਘਰ ਦੇ ਕੋਲ ਖੜ੍ਹੀ ਸੀ, ਉਸ ਤੋਂ ਉਹ ਪ੍ਰੇਸ਼ਾਨ ਸੀ ਅਤੇ ਗੱਡੀ ਨੂੰ ਇਥੋ ਹਟਾਉਣ ਲਈ ਉਸ ਨੇ ਇਸ ਮਾਮਲੇ ਨੂੰ ਸਨਸਨੀਖੇਜ਼ ਬਣਾ ਦਿੱਤਾ ਅਤੇ ਉਸ ਨੇ ਧਮਕੀ ਭਰੇ ਪੱਤਰ ਖਿਲਾਰ ਦਿੱਤੇ ਤਾਂ ਜੋ ਛੇਤੀ ਤੋਂ ਛੇਤੀ ਕਾਰਵਾਈ ਹੋ ਸਕੇ। ਉਨ੍ਹਾਂ ਨੇ ਦੱਸਿਆ ਕਿ ਨਿਤਿਨ ਮਹਾਜਨ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਕਾਬੂ ਕਰ ਲਿਆ ਹੈ ਅਤੇ ਉਸ ਨੂੰ ਅਦਾਲਤ ’ਚ ਪੇਸ਼ ਕਰ ਦਿੱਤਾ ਗਿਆ ਹੈ।