ਮਨਾਲੀ ਪੁਲਿਸ ਨੇ ਪਸ਼ੂਆਂ ਦੀ ਤਸਕਰੀ ਹੇਠ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿੰਨ੍ਹਾਂ ਦੇ ਦੋ ਟਰੱਕਾਂ ਵਿੱਚੋਂ 23 ਗਾਵਾਂ ਅਤੇ ਬਲਦ ਲੱਦੇ ਹੋਏ ਮਿਲੇ ਹਨ। ਪੁਲਿਸ ਨੇ ਤਿੰਨਾਂ ਵਿਅਕਤੀਆਂ ਵਿਰੁੱਧ ਐਨੀਮਲ ਕਰੂਅਲਟੀ ਐਕਟ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਿੰਨੋਂ ਵਿਅਕਤੀ ਜੰਮੂ ਕਸ਼ਮੀਰ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਬਾਹੰਗ ਵਿੱਚ ਦੋਵਾਂ ਟਰੱਕਾਂ ਨੂੰ ਕਾਬੂ ਕੀਤਾ ਗਿਆ, ਜਦੋਂ ਧਰਮਕਾਂਟਾ ਦੇ ਕੋਲ ਚੌਕੀ ‘ਤੇ ਤਾਇਨਾਤ ਪੁਲਿਸ ਟੀਮ ਨੇ ਟਰੱਕਾਂ ਨੂੰ ਜਾਂਚ ਲਈ ਰੋਕਿਆ। ਇਸ ਦੌਰਾਨ ਇਕ ਟਰੱਕ ਵਿੱਚ 10 ਅਤੇ ਦੂਜੇ ਵਿੱਚ 13 ਪਸ਼ੂ ਮਿਲੇ ਹਨ। ਫੜੇ ਗਏ ਮੁਲਜ਼ਮਾਂ ਦੀ ਪਹਿਚਾਣ ਬਰਕਤ ਅਲੀ ਵਾਸੀ ਰਾਮਬਨ ਜੰਮੂ-ਕਸ਼ਮੀਰ, ਮੁਹੰਮਦ ਅਖਤਰ ਵਾਸੀ ਦਾਨਸਲ, ਜੰਮੂ-ਕਸ਼ਮੀਰ ਅਤੇ ਮੁਹੰਮਦ ਯਾਸੀਨ ਵਾਸੀ ਰਿਆਸੀ, ਜੰਮੂ-ਕਸ਼ਮੀਰ ਵੱਜੋਂ ਹੋਈ ਹੈ।
ਜਾਣਕਾਰੀ ਮਿਲਦੇ ਹੀ ਸਾਬਕਾ ਮੰਤਰੀ ਗੋਵਿੰਦ ਠਾਕੁਰ ਮੌਕੇ ’ਤੇ ਪੁਹੰਚੇ, ਉਨ੍ਹਾਂ ਇਸ ਮਾਮਲੇ ਵਿੱਚ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਸੂਬੇ ਦੀ ਸਰਕਾਰ ‘ਤੇ ਪਸ਼ੂਆਂ ਦੀ ਤਸਕਰੀ ਦੇ ਮਾਮਲੇ ‘ਚ ਗੰਭੀਰਤਾ ਨਾ ਦਿਖਾਉਣ ਦਾ ਇਲਜ਼ਾਮ ਲਗਾਇਆ। ਉਨ੍ਹਾਂ ਕਿਹਾ ਕਿ ਪਸ਼ੂਆਂ ਨਾਲ ਭਰੇ ਦੋ ਟਰੱਕਾਂ ਦਾ ਮਨਾਲੀ ਪਹੁੰਚਣਾ, ਕਾਨੂੰਨ ਵਿਵਸਥਾ ‘ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਇਸ ਦੇ ਨਾਲ ਹੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਮਨਾਲੀ ਕੇਡੀ ਸ਼ਰਮਾ ਨੇ ਦੱਸਿਆ ਕਿ ਪੁਲਿਸ ਵੱਲੋਂ ਵਾਹਨਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਮੁੱਢਲੀ ਜਾਂਚ ਮੁਤਾਬਕ ਮੁਲਜ਼ਮ ਪਸ਼ੂਆਂ ਨੂੰ ਪੰਜਾਬ ਤੋਂ ਲਿਆਏ ਸਨ ਅਤੇ ਕਾਰਗਿਲ ਵੱਲ ਲੈ ਕੇ ਜਾ ਰਹੇ ਸਨ। ਫਿਲਹਾਲ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।