Become a member

Get the best offers and updates relating to Liberty Case News.

― Advertisement ―

spot_img
spot_img
HomeBig Newsਆਪ ਆਗੂਆਂ ਅਤੇ ਵਰਕਰਾਂ ਵੱਲੋਂ "ਪੰਜਾਬ ਦੇ ਗੱਦਾਰਾਂ" ਖ਼ਿਲਾਫ਼ ਸੂਬਾ ਵਿਆਪੀ ਪ੍ਰਦਰਸ਼ਨ,...

ਆਪ ਆਗੂਆਂ ਅਤੇ ਵਰਕਰਾਂ ਵੱਲੋਂ “ਪੰਜਾਬ ਦੇ ਗੱਦਾਰਾਂ” ਖ਼ਿਲਾਫ਼ ਸੂਬਾ ਵਿਆਪੀ ਪ੍ਰਦਰਸ਼ਨ, ਦਲਬਦਲੂ ਸੰਸਦ ਮੈਂਬਰਾਂ ਦੀ ਰਾਜ ਸਭਾ ਮੈਂਬਰੀ ਰੱਦ ਕਰਨ ਦੀ ਮੰਗ

ਚੰਡੀਗੜ੍ਹ, 26 ਅਪ੍ਰੈਲ 2026- ਆਮ ਆਦਮੀ ਪਾਰਟੀ (ਆਪ) ਨੇ ਐਤਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰਾਂ ਵਿਰੁੱਧ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤੇ। ਸੜਕਾਂ “ਪੰਜਾਬ ਦੇ ਗੱਦਾਰ” ਦੇ ਨਾਅਰਿਆਂ ਨਾਲ ਗੂੰਜ ਉੱਠੀਆਂ ਅਤੇ ਜਨਤਕ ਗੁੱਸੇ ਦੇ ਰੂਪ ਵਿੱਚ ਦਲਬਦਲੂਆਂ ਦੇ ਘਰਾਂ ਦੀਆਂ ਕੰਧਾਂ ‘ਤੇ “ਗੱਦਾਰ” ਲਿਖਿਆ ਗਿਆ, ਜਿਸ ਨੂੰ ਪੰਜਾਬ ਦੇ ਜਨਾਦੇਸ਼ ਨਾਲ ਇੱਕ ਨਾ-ਮੁਆਫ਼ੀਯੋਗ ਧੋਖਾ ਕਰਾਰ ਦਿੱਤਾ ਗਿਆ।

ਜ਼ਿਲ੍ਹਾ ਹੈੱਡਕੁਆਰਟਰਾਂ ਤੋਂ ਲੈ ਕੇ ਉਦਯੋਗਿਕ ਕੇਂਦਰਾਂ ਤੱਕ, ਜਿਸ ਵਿੱਚ ਰਜਿੰਦਰ ਗੁਪਤਾ ਦੇ ਵਿਰੁੱਧ ਟ੍ਰਾਈਡੈਂਟ ਗਰੁੱਪ ਦੇ ਬਾਹਰ ਕੀਤਾ ਗਿਆ ਤਿੱਖਾ ਪ੍ਰਦਰਸ਼ਨ ਵੀ ਸ਼ਾਮਲ ਸੀ, ‘ਆਪ’ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਆਮ ਲੋਕਾਂ ਨਾਲ ਮਿਲ ਕੇ ਰੋਸ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨਕਾਰੀਆਂ ਨੇ ਟਾਇਰ ਸਾੜ ਕੇ ਆਪਣਾ ਗੁੱਸਾ ਜ਼ਾਹਰ ਕੀਤਾ ਅਤੇ ਉਨ੍ਹਾਂ ਲੋਕਾਂ ਦੀ ਖੁੱਲ੍ਹ ਕੇ ਨਿਖੇਧੀ ਕੀਤੀ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਸਿਆਸੀ ਲਾਭ ਲਈ ਪੰਜਾਬੀਆਂ ਦੇ ਭਰੋਸੇ ਨੂੰ ਪੈਰਾਂ ਹੇਠ ਰੋਲਿਆ ਹੈ।

ਦਲਬਦਲੀ ਨੂੰ ਪੰਜਾਬ ਦੀ ਮਿੱਟੀ ਅਤੇ ਸਵੈ-ਮਾਣ ਨਾਲ ਵੱਡਾ ਧੋਖਾ ਦੱਸਦਿਆਂ ‘ਆਪ’ ਨੇ ਮੰਗ ਕੀਤੀ ਕਿ ਇਨ੍ਹਾਂ ਸੰਸਦ ਮੈਂਬਰਾਂ ਦੀ ਰਾਜ ਸਭਾ ਮੈਂਬਰੀ ਤੁਰੰਤ ਰੱਦ ਕੀਤੀ ਜਾਵੇ। ਪਾਰਟੀ ਨੇ ਸਪੱਸ਼ਟ ਕੀਤਾ ਕਿ ਜਿਨ੍ਹਾਂ ਨੇ ਦਬਾਅ ਅਤੇ ਮੌਕਾਪ੍ਰਸਤੀ ਕਾਰਨ ਭਾਜਪਾ ਦਾ ਪੱਖ ਲਿਆ ਹੈ, ਉਨ੍ਹਾਂ ਨੂੰ ਪੰਜਾਬ ਦੇ ਲੋਕ ਕਦੇ ਵੀ ਸਵੀਕਾਰ ਨਹੀਂ ਕਰਨਗੇ

ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਦਲਬਦਲੂਆਂ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਰਾਜ ਸਭਾ ਪਾਰਲੀਮੈਂਟ ਵਿੱਚ ਸੂਬੇ ਦੀ ਆਵਾਜ਼ ਬਣਨ ਲਈ ਹੁੰਦੀ ਹੈ। ਇਨ੍ਹਾਂ ਮੈਂਬਰਾਂ ਨੂੰ ਪੰਜਾਬ ਦੇ ਮੁੱਦੇ ਉਠਾਉਣ ਲਈ ਭੇਜਿਆ ਗਿਆ ਸੀ, ਪਰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਉਹ ਭਾਜਪਾ ਨਾਲ ਜਾ ਮਿਲੇ। ਇਹ ਸ਼ਰਮਨਾਕ ਕਾਰਾ ਤਿੰਨ ਕਰੋੜ ਪੰਜਾਬੀਆਂ ਨਾਲ ਧੋਖਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਨੇ ‘ਆਪ੍ਰੇਸ਼ਨ ਲੋਟਸ’ ਤਹਿਤ ਈਡੀ ਅਤੇ ਸੀਬੀਆਈ ਦੀਆਂ ਧਮਕੀਆਂ ਦੇ ਕੇ ਇਨ੍ਹਾਂ ਆਗੂਆਂ ਨੂੰ ਜ਼ਬਰਦਸਤੀ ਪਾਰਟੀ ਵਿੱਚ ਸ਼ਾਮਲ ਕੀਤਾ ਹੈ।।

ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵੀ ਇਸ ਕਦਮ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਸੰਸਦ ਮੈਂਬਰ ‘ਆਪ’ ਵਿਧਾਇਕਾਂ ਦੇ ਸਹਿਯੋਗ ਨਾਲ ਪੰਜਾਬ ਦੇ ਹਿੱਤਾਂ ਦੀ ਨੁਮਾਇੰਦਗੀ ਕਰਨ ਲਈ ਚੁਣੇ ਗਏ ਸਨ। ਪੰਜਾਬ ਦੀ ਆਵਾਜ਼ ਬੁਲੰਦ ਕਰਨ ਦੀ ਬਜਾਏ ਉਨ੍ਹਾਂ ਨੇ ਰਾਜ ਅਤੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਵਿਰੋਧੀ ਸਰਕਾਰਾਂ ਨੂੰ ਅਸਥਿਰ ਕਰਨ ਲਈ ਭਾਜਪਾ ਦੀਆਂ ਅਜਿਹੀਆਂ ਚਾਲਾਂ ਸਭ ਦੇ ਸਾਹਮਣੇ ਹਨ।

ਲਹਿਰਾਗਾਗਾ ਵਿੱਚ ਪ੍ਰਦਰਸ਼ਨ ਦੌਰਾਨ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਖਰੀਦੋ-ਫਰੋਖਤ ਦੀ ਰਾਜਨੀਤੀ ਭਾਜਪਾ ਦਾ ਇਤਿਹਾਸ ਰਹੀ ਹੈ। ਇਨ੍ਹਾਂ ਲੋਕਾਂ ਦੇ ਜਾਣ ਨਾਲ ਪੰਜਾਬ ਦੀ ਰਾਜਨੀਤੀ ‘ਤੇ ਕੋਈ ਅਸਰ ਨਹੀਂ ਪਿਆ, ਸਗੋਂ ਇਨ੍ਹਾਂ ਦੇ ਅਸਲੀ ਚਿਹਰੇ ਲੋਕਾਂ ਸਾਹਮਣੇ ਆ ਗਏ ਹਨ। ਜੋ ਵੀ ਭਾਜਪਾ ਵਿੱਚ ਗਿਆ, ਉਸ ਨੂੰ ਬਾਅਦ ਵਿੱਚ ਪਛਤਾਉਣਾ ਪਿਆ। ਅਸੀਂ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਨਾਲ ਚਟਾਨ ਵਾਂਗ ਖੜ੍ਹੇ ਹਾਂ।

ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਇਨ੍ਹਾਂ ਆਗੂਆਂ ਦੇ ਨਾਂ ਇਤਿਹਾਸ ਵਿੱਚ ਗੱਦਾਰਾਂ ਵਜੋਂ ਲਿਖੇ ਜਾਣਗੇ। ‘ਆਪ’ ਨੇ ਇਨ੍ਹਾਂ ਨੂੰ ਪਛਾਣ ਅਤੇ ਅਹੁਦੇ ਦਿੱਤੇ, ਪਰ ਇਹ ਉਸ ਭਰੋਸੇ ਨੂੰ ਬਰਕਰਾਰ ਰੱਖਣ ਵਿੱਚ ਨਾਕਾਮ ਰਹੇ। ਪੰਜਾਬ ਦੇ ਲੋਕ ਇਸ ਧੋਖੇ ਨੂੰ ਕਦੇ ਮੁਆਫ਼ ਨਹੀਂ ਕਰਨਗੇ ਅਤੇ ਅਜਿਹੇ ਆਗੂ ਸਿਆਸੀ ਤੌਰ ‘ਤੇ ਅਲੱਗ-ਥਲੱਗ ਹੋ ਜਾਣਗੇ।

ਵਿਧਾਇਕ ਮਨਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਇਹ ਸੰਸਦ ਮੈਂਬਰ ਸਿੱਧੇ ਤੌਰ ‘ਤੇ ਜਨਤਾ ਦੁਆਰਾ ਨਹੀਂ ਚੁਣੇ ਗਏ ਸਨ, ਸਗੋਂ ‘ਆਪ’ ਨੂੰ ਮਿਲੇ ਜਨਾਦੇਸ਼ ਰਾਹੀਂ ਨਾਮਜ਼ਦ ਕੀਤੇ ਗਏ ਸਨ। ਉਨ੍ਹਾਂ ਨੇ ਲੋਕਾਂ ਦੇ ਵਿਸ਼ਵਾਸ ਦੀ ਦੁਰਵਰਤੋਂ ਕੀਤੀ ਹੈ। ਅਸੀਂ ਮੰਗ ਕਰਦੇ ਹਾਂ ਕਿ ਉਨ੍ਹਾਂ ਦੀ ਰਾਜ ਸਭਾ ਮੈਂਬਰੀ ਤੁਰੰਤ ਖ਼ਤਮ ਕੀਤੀ ਜਾਵੇ।

‘ਆਪ’ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਾਰਟੀ ਨੂੰ ਇਤਿਹਾਸਕ ਫਤਵਾ ਦਿੱਤਾ ਸੀ, ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੱਤ ਮੈਂਬਰ ਰਾਜ ਸਭਾ ਲਈ ਚੁਣੇ ਗਏ ਸਨ। ਹਾਲਾਂਕਿ, ਉਨ੍ਹਾਂ ਵਿੱਚੋਂ ਛੇ ਸੰਸਦ ਮੈਂਬਰਾਂ ਨੇ ਹੁਣ ਨਿੱਜੀ ਹਿੱਤਾਂ ਲਈ ਅਤੇ ਕੇਂਦਰੀ ਏਜੰਸੀਆਂ ਦੇ ਦਬਾਅ ਅੱਗੇ ਝੁਕ ਕੇ ਗੈਰ-ਲੋਕਤੰਤਰੀ ਤਰੀਕੇ ਨਾਲ ਭਾਜਪਾ ਦਾ ਪੱਲਾ ਫੜ ਲਿਆ ਹੈ।

ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਇੱਕ ‘ਆਪ’ ਵਰਕਰ ਨੇ ਕਿਹਾ ਕਿ ਜਿਨ੍ਹਾਂ ਨੇ ਪਾਰਟੀ ਛੱਡੀ ਹੈ, ਉਨ੍ਹਾਂ ਨੂੰ ਪੰਜਾਬ ਦੇ ਲੋਕ ਜਲਦੀ ਹੀ ਭੁਲਾ ਦੇਣਗੇ, ਜਿਵੇਂ ਪੁਰਾਣੇ ਦਲਬਦਲੂ ਸਿਆਸੀ ਗੁਮਨਾਮੀ ਵਿੱਚ ਚਲੇ ਗਏ ਸਨ। ਉਨ੍ਹਾਂ ਨੇ ਸਿਰਫ਼ ਪਾਰਟੀ ਨਾਲ ਹੀ ਨਹੀਂ, ਸਗੋਂ ਪੂਰੇ ਸੂਬੇ ਨਾਲ ਗੱਦਾਰੀ ਕੀਤੀ ਹੈ।

‘ਆਪ’ ਆਗੂਆਂ ਨੇ ਦੁਹਰਾਇਆ ਕਿ ਪਾਰਟੀ ਸੂਬਾ ਲੀਡਰਸ਼ਿਪ ਤੋਂ ਲੈ ਕੇ ਜ਼ਮੀਨੀ ਪੱਧਰ ਤੱਕ ਮਜ਼ਬੂਤ ਅਤੇ ਇੱਕਜੁੱਟ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਅਜਿਹੀਆਂ ਕਾਰਵਾਈਆਂ ਪਾਰਟੀ ਨੂੰ ਕਮਜ਼ੋਰ ਨਹੀਂ ਕਰ ਸਕਦੀਆਂ। ਉਨ੍ਹਾਂ ਨੇ ਇਸ ਪੂਰੇ ਘਟਨਾਕ੍ਰਮ ਨੂੰ ਭਾਜਪਾ ਦੇ “ਆਪ੍ਰੇਸ਼ਨ ਲੋਟਸ” ਦਾ ਹਿੱਸਾ ਦੱਸਿਆ, ਜਿਸ ਦਾ ਮਕਸਦ ਪੰਜਾਬ ਵਿੱਚ ‘ਆਪ’ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਵਿੱਚ ਰੁਕਾਵਟ ਪਾਉਣਾ ਹੈ।