ਗੁਰਦਾਸਪੁਰ/ਪਟਿਆਲਾ- ਪੰਜਾਬ ਪੁਲਸ ਨੂੰ ਸ਼ੰਭੂ ਰੇਲਵੇ ਟਰੈਕ ਧਮਾਕੇ ਮਾਮਲੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ। ਸਾਂਝੀ ਕਾਰਵਾਈ ਦੌਰਾਨ ਐਸ.ਐਸ.ਓ.ਸੀ ਅੰਮ੍ਰਿਤਸਰ, ਪਟਿਆਲਾ ਪੁਲਸ ਅਤੇ ਸੀ.ਆਈ ਪਠਾਨਕੋਟ ਨੇ ਮੁੱਖ ਸਾਜ਼ਿਸ਼ਕਰਤਾ ਜਗਰੂਪ ਸਿੰਘ ਦੇ ਕਰੀਬੀ ਸਾਥੀ ਗੁਰਜਿੰਦਰ ਸਿੰਘ ਉਰਫ਼ ਬਾਬ ਬੇਅੰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਇਸ ਦੀ ਜਾਣਕਾਰੀ ਪੰਜਾਬ ਡੀ. ਜੀ. ਪੀ. ਗੌਰਵ ਯਾਦਵ ਨੇ ਸਾਂਝੀ ਕਰਦਿਆਂ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਗੁਰਜਿੰਦਰ ਸਿੰਘ ਦੀ ਭੂਮਿਕਾ ਸ਼ੰਭੂ ਧਮਾਕੇ ਦੇ ਨਾਲ-ਨਾਲ ਸਰਹਿੰਦ ਰੇਲਵੇ ਟਰੈਕ ਧਮਾਕੇ ਅਤੇ ਮੋਗਾ ਵਿੱਚ ਸੀ.ਆਈ.ਏ ਦਫ਼ਤਰ ‘ਤੇ ਹੋਏ ਗ੍ਰਨੇਡ ਹਮਲੇ ਵਿੱਚ ਵੀ ਸਾਹਮਣੇ ਆਈ ਹੈ।
ਉਨ੍ਹਾਂ ਦੱਸਿਆ ਕਿ ਇਹ ਸਾਰੀਆਂ ਘਟਨਾਵਾਂ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ਹੇਠ ਅੰਜਾਮ ਦਿੱਤੀਆਂ ਗਈਆਂ ਹਨ। ਪੁਲਸ ਦੇ ਮੁਤਾਬਕ ਇਸ ਗ੍ਰਿਫ਼ਤਾਰੀ ਅਤੇ ਪਹਿਲਾਂ ਕੀਤੀਆਂ ਬਰਾਮਦਗੀਆਂ ਨਾਲ ਮੋਗਾ, ਸਰਹਿੰਦ ਅਤੇ ਸ਼ੰਭੂ ਵਿੱਚ ਹੋਈਆਂ ਤਿੰਨੋਂ ਅੱਤਵਾਦੀ ਘਟਨਾਵਾਂ ਨੂੰ ਸਫਲਤਾਪੂਰਵਕ ਹੱਲ ਕਰ ਲਿਆ ਗਿਆ ਹੈ।

