ਚੰਡੀਗੜ੍ਹ : ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਤੋਂ ਅਹਿਮਦਾਬਾਦ ਲਈ ਨਵੀਂ ਸਿੱਧੀ ਉਡਾਣ ਸੇਵਾ ਸੋਮਵਾਰ ਤੋਂ ਸ਼ੁਰੂ ਹੋਵੇਗੀ। ਇਸ ਨਾਲ ਪੰਜਾਬ ਤੇ ਗੁਜਰਾਤ ਵਿਚਕਾਰ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਕਾਫ਼ੀ ਰਾਹਤ ਮਿਲੇਗੀ। ਇਹ ਉਡਾਣ ਏਅਰ ਇੰਡੀਆ ਐਕਸਪ੍ਰੈੱਸ ਏਅਰਲਾਈਨਜ਼ ਵਲੋਂ ਚਲਾਈ ਜਾ ਰਹੀ ਹੈ। ਹਵਾਈ ਅੱਡੇ ਦੇ ਸੀ. ਈ. ਓ. ਅਜੇ ਵਰਮਾ ਨੇ ਦੱਸਿਆ ਕਿ ਇਹ ਉਡਾਣ ਚੰਡੀਗੜ੍ਹ ਤੋਂ ਦੁਪਹਿਰ 1:40 ਵਜੇ ਰਵਾਨਾ ਹੋਵੇਗੀ ਤੇ ਦੁਪਹਿਰ 3:40 ਵਜੇ ਅਹਿਮਦਾਬਾਦ ਪਹੁੰਚੇਗੀ, ਜਦੋਂ ਕਿ ਅਹਿਮਦਾਬਾਦ ਤੋਂ ਉਡਾਣ ਸਵੇਰੇ 11:05 ਵਜੇ ਰਵਾਨਾ ਹੋਵੇਗੀ ਤੇ ਦੁਪਹਿਰ 1:00 ਵਜੇ ਚੰਡੀਗੜ੍ਹ ਪਹੁੰਚੇਗੀ। ਪਹਿਲਾਂ ਯਾਤਰੀਆਂ ਨੂੰ ਚੰਡੀਗੜ੍ਹ ਤੋਂ ਅਹਿਮਦਾਬਾਦ ਜਾਣ ਲਈ ਦਿੱਲੀ ਜਾਂ ਮੁੰਬਈ ਹੋ ਕੇ ਜਾਣਾ ਪੈਂਦਾ ਸੀ। ਇਸ ਕਾਰਨ 4-5 ਘੰਟੇ ਲੱਗਦੇ ਸਨ। ਨਵੀਂ ਸਿੱਧੀ ਉਡਾਣ ਨਾਲ ਇਹ ਯਾਤਰਾ ਹੁਣ ਸਿਰਫ਼ 2 ਘੰਟੇ ’ਚ ਪੂਰੀ ਹੋਵੇਗੀ। ਏਅਰਪੋਰਟ ਅਥਾਰਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਰੂਟ ਕਾਰੋਬਾਰੀ ਯਾਤਰੀਆਂ ਅਤੇ ਸੈਲਾਨੀਆਂ ਦੀ ਮੰਗ ਨੂੰ ਦੇਖਦਿਆਂ ਰੂਟ ਸ਼ੁਰੂ ਕੀਤਾ ਗਿਆ ਹੈ। ਇਸ ਨਾਲ ਦੋਹਾਂ ਸ਼ਹਿਰਾਂ ਵਿਚਕਾਰ ਵਪਾਰ ਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਬੁਕਿੰਗ ਫਿਲਹਾਲ ਸ਼ੁਰੂ ਹੋ ਗਈ ਹੈ। ਇਸ ਰੂਟ ’ਤੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ 15,724 ਰੁਪਏ ਅਦਾ ਕਰਨੇ ਹੋਣਗੇ। ਇਹ ਕਿਰਾਇਆ ਫਲੈਕਸੀ ਕਿਰਾਏ ਦੇ ਆਧਾਰ ’ਤੇ ਵੱਧਦਾ ਰਹੇਗਾ।

