ਦਰਾਸ- ਕਾਰਗਿਲ ਵਿਜੇ ਦਿਵਸ ਦੇ 25 ਸਾਲ ਪੂਰੇ ਹੋ ਗਏ ਹਨ। ਅੱਜ ਦੇ ਦਿਨ 1999 ਵਿਚ ਸਾਡੇ ਵੀਰ ਸਪੂਤਾਂ ਨੇ ਪਾਕਿਸਤਾਨੀ ਘੁਸਪੈਠੀਆਂ ਨੂੰ ਧੂੜ ਚਟਾਈ ਸੀ।
ਵੀਰਾਂ ਦੀ ਯਾਦ ਵਿਚ ਅੱਜ ਦੇਸ਼ ਭਰ ਵਿਚ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਦਰਾਸ ਪਹੁੰਚੇ, ਇੱਥੇ ਉਨ੍ਹਾਂ ਨੇ 1999 ਦੀ ਜੰਗ ‘ਚ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਭਾਰਤੀ ਫ਼ੌਜ ਨੇ 26 ਜੁਲਾਈ 1999 ਨੂੰ ਲੱਦਾਖ ਵਿਚ ਕਾਰਗਿਲ ਦੀਆਂ ਬਰਫ਼ੀਲੀਆਂ ਚੋਟੀਆਂ ‘ਤੇ ਲੱਗਭਗ 3 ਮਹੀਨੇ ਦੀ ਲੰਬੀ ਲੜਾਈ ਵਿਚ ਜਿੱਤ ਮਗਰੋਂ ‘ਆਪ੍ਰੇਸ਼ਨ ਵਿਜੇ’ ਦੀ ਸਫ਼ਲ ਸਮਾਪਤੀ ਦਾ ਐਲਾਨ ਕੀਤਾ ਸੀ। ਜੰਗ ਵਿਚ ਪਾਕਿਸਤਾਨ ‘ਤੇ ਭਾਰਤ ਦੀ ਜਿੱਤ ਦੀ ਯਾਦ ਵਿਚ 26 ਜੁਲਾਈ ਦੇ ਦਿਨ ਨੂੰ ਕਾਰਗਿਲ ਵਿਜੇ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਕਾਰਗਿਲ ਯੁੱਧ ਦੌਰਾਨ ਮੈਂ ਇਕ ਆਮ ਦੇਸ਼ ਵਾਸੀ ਦੇ ਰੂਪ ਵਿਚ ਆਪਣੇ ਸੈਨਿਕਾਂ ਵਿਚ ਸ਼ਾਮਲ ਸੀ। ਅੱਜ ਜਦੋਂ ਮੈਂ ਫਿਰ ਕਾਰਗਿਲ ਦੀ ਧਰਤੀ ‘ਤੇ ਆਇਆ ਹਾਂ ਤਾਂ ਸੁਭਾਵਿਕ ਹੈ ਕਿ ਉਹ ਯਾਦਾਂ ਮੇਰੇ ਦਿਮਾਗ ‘ਚ ਤਾਜ਼ਾ ਹੋ ਗਈਆਂ ਹਨ। ਮੈਨੂੰ ਯਾਦ ਹੈ ਕਿ ਕਿਵੇਂ ਸਾਡੀਆਂ ਫੌਜਾਂ ਨੇ ਇੰਨੀ ਉੱਚਾਈ ‘ਤੇ ਅਜਿਹੇ ਮੁਸ਼ਕਲ ਲੜਾਕੂ ਆਪਰੇਸ਼ਨ ਨੂੰ ਅੰਜ਼ਾਮ ਦਿੱਤਾ। ਮੈਂ ਅਜਿਹੇ ਸਾਰੇ ਬਹਾਦਰ ਵੀਰਾਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਦੇਸ਼ ਨੂੰ ਜਿੱਤ ਦਿਵਾਈ। ਮੈਂ ਉਨ੍ਹਾਂ ਸ਼ਹੀਦਾਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਕਾਰਗਿਲ ਵਿਚ ਮਾਂ ਭੂਮੀ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।