ਪੰਜਾਬ ਕਾਂਗਰਸ ਵਿੱਚ ਨਵੀਂ ਸੰਗਠਨਾਤਮਕ ਸੂਚੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਸਾਬਕਾ ਉਪ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪਾਰਟੀ ਹਾਈਕਮਾਨ ਦੀ ਫ਼ੈਸਲਾ ਲੈਣ ਦੀ ਪ੍ਰਕਿਰਿਆ ਅਤੇ ਡੈਮੇਜ ਕੰਟਰੋਲ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਰੰਧਾਵਾ ਨੇ ਕਿਹਾ ਕਿ ਪਾਰਟੀ ਲਈ ਸਾਲਾਂ ਤੋਂ ਵਫ਼ਾਦਾਰੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਆਗੂਆਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਦਾ ਮਾੜਾ ਅਸਰ ਜ਼ਮੀਨੀ ਵਰਕਰਾਂ ਦੇ ਮਨੋਬਲ ‘ਤੇ ਪੈ ਰਿਹਾ ਹੈ, ਜਦਕਿ ਵਿਰੋਧੀ ਪਾਰਟੀਆਂ ਸੋਸ਼ਲ ਮੀਡੀਆ ‘ਤੇ ਕਾਂਗਰਸ ਦਾ ਮਜ਼ਾਕ ਉਡਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਜੇ ਸੰਗਠਨਾਤਮਕ ਸੂਚੀ ਬਾਰੇ ਪਹਿਲਾਂ ਹੀ ਫ਼ੈਸਲਾ ਹੋ ਚੁੱਕਾ ਸੀ ਤਾਂ ਹਫ਼ਤਿਆਂ ਤੱਕ ਮੀਟਿੰਗਾਂ ਕਰਨ ਅਤੇ ਵਿਵਾਦ ਖੜ੍ਹਾ ਹੋਣ ਦੇਣ ਦੀ ਕੋਈ ਲੋੜ ਨਹੀਂ ਸੀ। ਹਾਈਕਮਾਨ ਨੂੰ ਪਹਿਲੇ ਹੀ ਦਿਨ ਸਪੱਸ਼ਟ ਹੁਕਮ ਜਾਰੀ ਕਰ ਦੇਣਾ ਚਾਹੀਦਾ ਸੀ ਕਿ ਇਹ ਪਾਰਟੀ ਦਾ ਅੰਤਿਮ ਫ਼ੈਸਲਾ ਹੈ ਅਤੇ ਸਭ ਨੂੰ ਇਸਨੂੰ ਮੰਨਣਾ ਹੋਵੇਗਾ।
ਰੰਧਾਵਾ ਨੇ ਦੱਸਿਆ ਕਿ ਇਸ ਮਾਮਲੇ ‘ਤੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਰਾਹੁਲ ਗਾਂਧੀ ਅਤੇ ਕੇ.ਸੀ. ਵੇਣੁਗੋਪਾਲ ਨਾਲ ਕਈ ਦੌਰ ਦੀਆਂ ਮੀਟਿੰਗਾਂ ਹੋਈਆਂ। ਇਸ ਤੋਂ ਬਾਅਦ ਉਨ੍ਹਾਂ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਬੁਲਾਇਆ ਗਿਆ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਚਾਰ ਮਹੀਨੇ ਪਹਿਲਾਂ ਤਿਆਰ ਕੀਤੀ ਸੂਚੀ ‘ਤੇ ਸਭ ਦੇ ਦਸਤਖ਼ਤ ਹੋ ਚੁੱਕੇ ਸਨ ਅਤੇ ਅਖੀਰ ਵਿੱਚ ਉਹੀ ਫ਼ੈਸਲਾ ਲਾਗੂ ਕਰਨਾ ਸੀ, ਤਾਂ ਇੰਨੀ ਲੰਮੀ ਕਵਾਇਦ ਕਰਨ ਦੀ ਲੋੜ ਕੀ ਸੀ?
ਉਨ੍ਹਾਂ ਕਿਹਾ ਕਿ ਇੰਨੀ ਮੀਟਿੰਗਾਂ ਦੇ ਬਾਵਜੂਦ ਨਾਰਾਜ਼ਗੀ ਸਾਹਮਣੇ ਆਉਣਾ ਲੀਡਰਸ਼ਿਪ ਦੀ ਸਭ ਤੋਂ ਵੱਡੀ ਕਮੀ ਹੈ।
ਰੰਧਾਵਾ ਨੇ ਕਿਹਾ ਕਿ ਅੱਜ ਪਾਰਟੀ ਦੇ ਵਫ਼ਾਦਾਰ ਅਤੇ ਸਮਰਪਿਤ ਕਾਂਗਰਸੀਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਇੰਦਿਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਦੌਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਸਮੇਂ ਘੱਟ ਅਹੁਦੇਦਾਰ ਹੋਣ ਦੇ ਬਾਵਜੂਦ ਸੰਗਠਨ ਪ੍ਰਭਾਵਸ਼ਾਲੀ ਢੰਗ ਨਾਲ ਚੱਲਦਾ ਸੀ, ਜਦਕਿ ਅੱਜ ਵੱਡੀ ਟੀਮ ਹੋਣ ਦੇ ਬਾਵਜੂਦ ਡੈਮੇਜ ਕੰਟਰੋਲ ਨਹੀਂ ਹੋ ਰਿਹਾ।
ਰੰਧਾਵਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਕਿਸੇ ਵਿਅਕਤੀ ਵਿਸ਼ੇਸ਼ ਦੇ ਪ੍ਰਧਾਨ ਬਣਨ ਨਾਲ ਕੋਈ ਇਤਰਾਜ਼ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚਰਨਜੀਤ ਸਿੰਘ ਚੰਨੀ, ਰਾਜਾ ਵੜਿੰਗ ਜਾਂ ਕਿਸੇ ਹੋਰ ਆਗੂ ਦੇ ਪ੍ਰਧਾਨ ਬਣਨ ‘ਤੇ ਕੋਈ ਐਤਰਾਜ਼ ਨਹੀਂ, ਪਰ ਇੰਨਾ ਵਿਵਾਦ ਖੜ੍ਹਾ ਹੋਣ ਤੋਂ ਬਾਅਦ ਫ਼ੈਸਲਾ ਲੈਣਾ ਪਾਰਟੀ ਲਈ ਨੁਕਸਾਨਦਾਇਕ ਰਿਹਾ।

