ਸੂਬੇ ਦੇ ਗਰੀਬ ਲੋਕਾਂ ਨੂੰ ਸਿਹਤ ਸੁਵਿਧਾਵਾਂ ਵਧਾਉਣ ਲਈ ਹਰਿਆਣਾ ਸਰਕਾਰ ਇੱਕ ਹੋਰ ਵੱਡਾ ਲੋਕ ਪੱਖੀ ਐਲਾਨ ਕੀਤਾ ਹੈ। ਗ਼ਰੀਬ ਲੋਕ ਹੁਣ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਪ੍ਰਾਈਵੇਟ ਲੈਬਾਂ ਵਿੱਚ ਵੀ ਮੁਫ਼ਤ ਮੈਡੀਕਲ ਟੈਸਟ ਕਰਵਾ ਸਕਣਗੇ। ਜਿਸ ਨਾਲ ਹਰਿਆਣਾ ਸਰਕਾਰ ਦੇ ਇਸ ਫੈਸਲੇ ਦਾ ਸੂਬੇ ਦੇ ਲੱਖਾਂ ਲੋਕਾਂ ਨੂੰ ਵੱਡਾ ਲਾਭ ਮਿਲੇਗਾ। ਦਰਅਸਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਲੋਕ ਭਲਾਈ ਲਈ ਸਿਹਤ ਸਹੂਲਤਾਂ ’ਚ ਵਾਧਾ ਕਰਦੇ ਹੋਏ ਇਸ ਯੋਜਨਾ ਨੂੰ ਮੰਜ਼ੂਰੀ ਦਿੱਤੀ ਹੈ। ਹੁਣ ਲਾਭਪਾਤਰੀ ਸਰਕਾਰੀ ਡਾਕਟਰ/ਸੀਐਮਓ ਦੀ ਪਰਚੀ ‘ਤੇ ਸੂਚੀਬੱਧ ਲੈਬ ਵਿੱਚ ਟੈਸਟ ਕਰਵਾ ਸਕਣਗੇ ਅਤੇ ਇੰਨ੍ਹਾਂ ਟੈਸਟਾਂ ਲਈ ਸਰਕਾਰ ਵੱਲੋਂ ਸਿਵਲ ਹਸਪਤਾਲ ਨੂੰ ਦਿੱਤੇ ਫੰਡਾਂ ਵਿੱਚੋਂ ਭੁਗਤਾਨ ਕੀਤਾ ਜਾਵੇਗਾ।
ਯੋਜਨਾ ਸੰਬੰਧੀ ਜਾਣਕਾਰੀ ਸਰਕਾਰੀ ਬੁਲਾਰੇ ਵੱਲੋਂ ਦਿੱਤੀ ਗਈ। ਬੁਲਾਰੇ ਨੇ ਦੱਸਿਆ ਕਿ ਦੇਖਿਆ ਗਿਆ ਹੈ ਕਿ ਸਿਵਲ ਹਸਪਤਾਲਾਂ ਵਿੱਚ ਇਲਾਜ ਲਈ ਆਉਣ ਵਾਲੇ ਗਰੀਬ ਮਰੀਜ਼ ਕਈ ਵਾਰ ਕਈ ਕਾਰਨਾਂ ਕਰਕੇ ਜਾਂਚ ਸੇਵਾਵਾਂ ਪ੍ਰਾਪਤ ਨਹੀਂ ਕਰ ਪਾਉਂਦੇ ਹਨ। ਇਸ ਲਈ, ਵਿਭਾਗ ਵੱਲੋਂ ਸਾਰੇ ਸੀ.ਐਮ.ਓਜ਼ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਜ਼ਿਲ੍ਹੇ ਵਿੱਚ ਉਪਲੱਬਧ ਮੌਜੂਦਾ ਸਰੋਤਾਂ ਨੂੰ ਤਰਕਸੰਗਤ ਬਣਾਉਣ ਅਤੇ ਜੇਕਰ ਲੋੜ ਹੋਵੇ ਤਾਂ ਸਥਾਨਕ ਪ੍ਰਾਈਵੇਟ ਲੈਬਾਰਟਰੀਆਂ ਅਤੇ ਰੇਡੀਓਲੌਜੀਕਲ ਕੇਂਦਰਾਂ ਨੂੰ ਸੂਚੀਬੱਧ ਕੀਤਾ ਜਾਵੇ ਤਾਂ ਜੋ ਸਾਰੇ ਲਾਭਪਾਤਰੀਆਂ ਨੂੰ ਡਾਇਗਨੌਸਟਿਕ ਸੇਵਾਵਾਂ ਉਪਲੱਬਧ ਹੋ ਸਕਣ।