ਜਲੰਧਰ ਸ਼ਹਿਰ ‘ਚ ਲੁਟੇਰਿਆਂ ਦਾ ਖ਼ੌਫ਼ ਲਗਾਤਾਰ ਵਧਦਾ ਜਾ ਰਿਹਾ ਹੈ। ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਰਾਓਵਾਲੀ ਤੋਂ ਲੁੱਟ ਦੀ ਵਾਰਦਾਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਉੱਥੇ ਸਥਿਤ ਕਬੂਲਪੁਰ ਫੈਕਟਰੀ ‘ਚੋਂ ਛੁੱਟੀ ਹੋਣ ਤੋਂ ਬਾਅਦ 3 ਮਜ਼ਦੂਰ ਜਦੋਂ ਪਿੰਡ ਰਾਓਵਾਲੀ ’ਚ ਰਾਤ 9.30 ਦੇ ਕਰੀਬ ਜਦੋਂ ਹਾਈਵੇ ਤੋਂ ਸਬਜ਼ੀ ਲੈ ਕੇ ਆਪਣੇ ਕਮਰੇ ’ਚ ਵਾਪਸ ਆ ਰਹੇ ਸਨ ਤਾਂ ਉਸ ਸਮੇਂ ਜਦੋਂ ਉਹ ਪਿੰਡ ਰਾਓਵਾਲੀ ਪੁਲੀ ਕੋਲ ਪੁੱਜੇ ਤਾਂ ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੇ ਉਨ੍ਹਾਂ ਨੂੰ ਤੇਜ਼ਧਾਰ ਕਿਰਪਾਨ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਤੇ ਮੋਬਾਈਲ ਤੇ ਨਕਦੀ ਲੁੱਟ ਲਈ।
ਇਸ ਸਬੰਧੀ ਸੂਚਨਾ ਥਾਣਾ ਮਕਸੂਦਾਂ ਦੀ ਪੁਲਸ ਨੂੰ ਦਿੱਤੀ ਗਈ ਤੇ ਮੌਕੇ ’ਤੇ ਏ.ਐੱਸ.ਆਈ. ਜਤਿੰਦਰ ਸ਼ਰਮਾ ਪੁਲਸ ਪਾਰਟੀ ਸਮੇਤ ਪੁੱਜੇ। ਜਾਣਕਾਰੀ ਦਿੰਦੇ ਹੋਏ ਮਜ਼ਦੂਰਾਂ ਦਾਗਨ ਕੁਮਾਰ ਪੁੱਤਰ ਸਰਵਣ ਰਾਮ, ਗੁੱਡੂ ਪੁੱਤਰ ਸਾਹਿਲ ਕੁਮਾਰ ਤੇ ਮਿਥੁਨ ਸ਼ਰਮਾ ਪੁੱਤਰ ਰਾਮ ਚੰਦ ਸ਼ਰਮਾ ਨੇ ਦੱਸਿਆ ਕਿ ਉਹ ਸਬਜ਼ੀ ਲੈਣ ਲਈ ਹਾਈਵੇਅ ਰਾਓਵਾਲੀ ਕੋਲ ਗਏ। ਸਬਜ਼ੀ ਖਰੀਦ ਕੇ ਜਦੋਂ ਉਹ ਆਪਣੇ ਕਮਰੇ ’ਚ ਵਾਪਸ ਆ ਰਹੇ ਸਨ ਤਾਂ ਜਦੋਂ ਉਹ ਪਿੰਡ ਰਾਓਵਾਲੀ ਪੁਲੀ ਨੇੜੇ ਪੁੱਜੇ ਤਾਂ ਹਾਈਵੇ ਤੋਂ ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਤਿੰਨੋਂ ਮਜ਼ਦੂਰ ਜ਼ਖ਼ਮੀ ਹੋ ਗਏ ਤੇ ਤਿੰਨਾਂ ਲੁਟੇਰਿਆਂ ਨੇ ਉਨ੍ਹਾਂ ਦੇ 2 ਮੋਬਾਈਲ ਤੇ 3 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਤੇ ਹਾਈਵੇ ਵੱਲ ਫ਼ਰਾਰ ਹੋ ਗਏ।