ਲੁਧਿਆਣਾ ਵਿੱਚ ਇੱਕ ਆਟੋ ਚਾਲਕ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਿਸਨੇ ਆਪਣੀ ਮਾਸੀ ਦੇ ਲੜਕੇ ਅਤੇ ਨਹੂੰ ਤੋਂ ਤੰਗ ਪ੍ਰੇਸ਼ਾਨ ਆ ਕੇ ਅਜਿਹੀ ਖ਼ੋਫਨਾਕ ਘਟਨਾ ਨੂੰ ਅੰਜ਼ਾਮ ਦਿੱਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ ਹੈ। ਮ੍ਰਿਤਕ ਦੀ ਪਹਿਚਾਣ ਵਿਨੀਤ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਨੇ ਉਸ ਸਮੇਂ ਖੁਦਕੁਸ਼ੀ ਕੀਤੀ ਜਦੋਂ ਪੂਰਾ ਪਰਿਵਾਰ ਉਸ ਦੀ ਦਾਦੀ ਦੀ ਮੌਤ ‘ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਕਰਨ ਲਈ ਸ਼ਮਸ਼ਾਨਘਾਟ ਗਿਆ ਸੀ। ਘਰ ਵਾਪਸ ਪਰਤਣ ‘ਤੇ ਪਰਿਵਾਰਕ ਮੈਂਬਰਾਂ ਨੇ ਵਿਨੀਤ ਦੀ ਲਾਸ਼ ਲਟਕਦੀ ਦੇਖੀ ਅਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਵਿਨੀਤ ਦੇ ਚਾਚਾ ਰਾਜ ਕੁਮਾਰ ਨੇ ਦੱਸਿਆ ਕਿ ਵਿਨੀਤ ਆਟੋ ਚਾਲਕ ਦਾ ਕੰਮ ਕਰਦਾ ਹੈ। ਉਹ ਢੰਡਾਰੀ ਇਲਾਕੇ ਦਾ ਰਹਿਣ ਵਾਲਾ ਹੈ। ਉਸ ਦੇ ਰਿਸ਼ਤੇਦਾਰਾਂ ਵਿੱਚੋਂ ਇੱਕ ਲੜਕੀ ਨਾਲ ਪ੍ਰੇਮ ਸਬੰਧ ਸਨ। ਦੋਵਾਂ ਦਾ ਪ੍ਰੇਮ ਸਬੰਧ ਕਾਫੀ ਸਮੇਂ ਤੱਕ ਚੱਲਦਾ ਰਿਹਾ। ਇਸ ਦੌਰਾਨ ਉਸੇ ਲੜਕੀ ਨੇ ਵਿਨੀਤ ਦੀ ਮਾਸੀ ਦੇ ਲੜਕੇ ਵਿਜੇ ਕੁਮਾਰ ਹੈਰੀ ਨਾਲ ਵੀ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਤੇ ਕਰੀਬ ਦੋ ਮਹੀਨੇ ਪਹਿਲਾਂ ਉਸ ਲੜਕੀ ਦਾ ਵਿਆਹ ਹੈਰੀ ਦੇ ਨਾਲ ਹੋ ਗਿਆ।
ਵਿਆਹ ਹੋਣ ਤੋਂ ਬਾਅਦ ਅਕਸਰ ਹੀ ਹੈਰੀ ਵਿਨੀਤ ਨੂੰ ਤਾਅਨੇ ਮਾਰਨ ਲੱਗਿਆ। ਮ੍ਰਿਤਕ ਦੇ ਚਾਚੇ ਰਾਜ ਕੁਮਾਰ ਮੁਤਾਬਕ ਹੈਰੀ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਕੇ ਵਿਨੀਤ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕਰਦਾ ਸੀ। ਜਿਸ ਕਾਰਨ ਕੁਝ ਦਿਨ ਪਹਿਲਾਂ ਦੋਵਾਂ ‘ਚ ਬਹਿਸ ਹੋਈ ਅਤੇ ਥਾਣੇ ਤੱਕ ਵੀ ਗੱਲ ਪਹੁੰਚੀ ਸੀ। ਇਸ ਤੋਂ ਬਾਅਦ ਵੀ ਹੈਰੀ ਨਹੀਂ ਟਲਿਆ ਅਤੇ ਦੁਬਾਰੀ ਵਿਨੀਤ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸੇ ਕਰਕੇ ਉਸਨੇ ਖੁਦਕੁਸ਼ੀ ਦਾ ਰਸਤਾ ਅਪਣਾਇਆ। ਹੁਣ ਪਰਿਵਾਰਕ ਮੈਂਬਰਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਦੋਂ ਤੱਕ ਹੈਰੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਹੈ, ਉਦੋਂ ਤੱਕ ਵਿਨੀਤ ਦਾ ਸਸਕਾਰ ਨਹੀਂ ਕੀਤਾ ਜਾਵੇਗਾ।