ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਇਤਿਹਾਸਕ ਸ਼ਹਿਰ ਦੀਨਾਨਗਰ ਪਹੁੰਚੇ, ਜਿੱਥੇ ਮੁੱਖ ਮੰਤਰੀ ਮਾਨ ਨੇ ਨਿਵਾਸੀਆਂ ਨੂੰ ਇੱਕ ਵੱਡਾ ਤੋਹਫਾ ਦਿੱਤਾ। ਦਰਅਸਲ ਲੋਕਾਂ ਲਈ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਮੁੱਖ ਮੰਤਰੀ ਨੇ ਅੱਜ ਇੱਕ ਰੇਲਵੇ ਓਵਰ ਬ੍ਰਿਜ ਲੋਕ ਅਰਪਣ ਕੀਤਾ। ਇਹ ਬ੍ਰਿਜ ਦੀਨਾਨਗਰ ਰੇਲਵੇ ਸਟੇਸ਼ਨ ਨੇੜੇ ਅੰਮ੍ਰਿਤਸਰ-ਪਠਾਨਕੋਟ ਰੇਲਵੇ ਸੈਕਸ਼ਨ ਉੱਤੇ ਬਣਾਇਆ ਗਿਆ ਹੈ, ਜਿਸ ਦੀ ਲਾਗਤ 51.74 ਕਰੋੜ ਦੱਸੀ ਜਾ ਰਹੀ ਹੈ। ਇਹ ਪੁਲ 7.30 ਮੀਟਰ ਲੰਮਾ ਤੇ 10.5 ਮੀਟਰ ਚੌੜਾ ਪ੍ਰਾਜੈਕਟ ਹੈ, ਜੋ 2019 ਵਿੱਚ ਸ਼ੁਰੂ ਹੋਇਆ ਸੀ ਅਤੇ ਸਮੇਂ ਸਿਰ ਮੁਕੰਮਲ ਹੋਇਆ।
ਇਸ ਤੋਂ ਬਾਅਦ ਸੀਐੱਮ ਭਗਵੰਤ ਮਾਨ ਨੇ ਇੱਕ ਟਵੀਟ ਕਰਦੇ ਹੋਏ ਲਿਖਿਆ ਕਿ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਦੀਨਾਨਗਰ ’ਚ ਰੇਲਵੇ ਓਵਰ ਬਰਿੱਜ ਦਾ ਰਸਮੀ ਤੌਰ ‘ਤੇ ਉਦਘਾਟਨ ਕਰਕੇ ਲੋਕ ਸਮਰਪਿਤ ਕੀਤਾ। ਦੀਨਾਨਗਰ ਸ਼ਹਿਰ ਨੂੰ ਸਰਹੱਦੀ ਖੇਤਰ ਦੇ ਪਿੰਡਾਂ ਨਾਲ ਜੋੜਨ ਵਾਲੇ ਇਸ ਬਰਿੱਜ ਨੂੰ 51.74 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਗਿਆ ਹੈ। ਸਰਕਾਰਾਂ ਦਾ ਕੰਮ ਸੂਬੇ ਦੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੁੰਦਾ ਹੈ। ਅਸੀਂ ਆਪਣੇ ਫ਼ਰਜ਼ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਾਂ। ਲੋਕਾਂ ਦਾ ਪੈਸਾ ਲੋਕਾਂ ਦੇ ਨਾਮ ਕਰਕੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰ ਰਹੇ ਹਾਂ।।
ਤੁਹਾਨੂੰ ਦੱਸ ਦਈਏ ਕਿ ਇਸ ਰੇਲਵੇ ਓਵਰ ਬ੍ਰਿਜ ਦੇ ਨਿਰਮਾਣ ਨਾਲ ਅੰਮ੍ਰਿਤਸਰ-ਪਠਾਨਕੋਟ ਰੇਲਵੇ ਲਾਈਨ ’ਤੇ ਸੀ-60 ਲੈਵਲ ਕਰਾਸਿੰਗ ਖ਼ਤਮ ਹੋ ਜਾਵੇਗੀ। ਸਰਹੱਦੀ ਪਿੰਡਾਂ ਤੋਂ ਦੀਨਾਨਗਰ ਸ਼ਹਿਰ ਆਉਣ ਵਾਲਿਆਂ ਨੂੰ ਨਿਰਵਿਘਨ ਆਵਾਜਾਈ ਦੀ ਸਹੂਲਤ ਮਿਲੇਗੀ। ਇਹ ਫੌਜ ਦੀ ਗਤੀਵਿਧੀ ਲਈ ਵੀ ਰਣਨੀਤਿਕ ਰੂਟ ਬਣੇਗਾ, ਜਿਸ ਨਾਲ ਦੇਸ਼ ਦੀ ਏਕਤਾ, ਅਖੰਡਤਾ ਤੇ ਪ੍ਰਭੂਸੱਤਾ ਦੀ ਰਾਖੀ ਵਿੱਚ ਸੌਖ ਹੋਵੇਗੀ।