Become a member

Get the best offers and updates relating to Liberty Case News.

― Advertisement ―

spot_img
spot_img
HomeBig Newsਪਰਮਿੰਦਰ ਝੋਟਾ ਦੇ ਕਤਲ ਪਿੱਛੇ ਨਿੱਜੀ ਰੰਜਿਸ਼, ਮੁੱਖ ਮੁਲਜ਼ਮ ਨੂੰ 24 ਘੰਟਿਆਂ...

ਪਰਮਿੰਦਰ ਝੋਟਾ ਦੇ ਕਤਲ ਪਿੱਛੇ ਨਿੱਜੀ ਰੰਜਿਸ਼, ਮੁੱਖ ਮੁਲਜ਼ਮ ਨੂੰ 24 ਘੰਟਿਆਂ ਦੇ ਅੰਦਰ ਕੀਤਾ ਜਾਵੇਗਾ ਗ੍ਰਿਫ਼ਤਾਰ: ਹਰਜੀਤ ਸਿੰਘ, ਡੀਆਈਜੀ ਮਾਨਸਾ ਰੇਂਜ

  • *ਖ਼ਾਸ ਸਾਥੀ ਗ੍ਰਿਫ਼ਤਾਰ, ਮੁੱਖ ਮੁਲਜ਼ਮ ਨੂੰ ਫੜਨ ਲਈ ਕਈ ਪੁਲਿਸ ਟੀਮਾਂ ਦਾ ਗਠਨ: ਹਰਜੀਤ ਸਿੰਘ, ਡੀਆਈਜੀ ਮਾਨਸਾ ਰੇਂਜ*
  • *ਨਿੱਜੀ ਰੰਜਿਸ਼ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੰਦੀ, ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ: ਬਲਤੇਜ ਪੰਨੂ*

ਮਾਨਸਾ 13 ਅਕਤੂਬਰ- ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਮਿੰਦਰ ਝੋਟਾ ਦੇ ਕਤਲ ਦੀ ਮੁੱਢਲੀ ਜਾਂਚ ਵਿੱਚ ਇਸ ਵਾਰਦਾਤ ਪਿੱਛੇ ਨਿੱਜੀ ਰੰਜਿਸ਼ ਹੋਣ ਦਾ ਖੁਲਾਸਾ ਹੋਇਆ ਹੈ। ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਹਰਜੀਤ ਸਿੰਘ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਭਰੋਸਾ ਦਿਵਾਇਆ ਕਿ ਪੁਲਿਸ ਟੀਮਾਂ ਮੁੱਖ ਮੁਲਜ਼ਮ ਨੂੰ 24 ਘੰਟਿਆਂ ਦੇ ਅੰਦਰ ਕਾਬੂ ਕਰਨ ਲਈ ਕੰਮ ਕਰ ਰਹੀਆਂ ਹਨ। ਇਸ ਮਾਮਲੇ ਵਿੱਚ ਇੱਕ ਮੁੱਖ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਪਰਿਵਾਰਕ ਮੈਂਬਰਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਐੱਫਆਈਆਰ ਦਰਜ ਕਰ ਲਈ ਗਈ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਡੀਆਈਜੀ ਮਾਨਸਾ ਰੇਂਜ ਹਰਜੀਤ ਸਿੰਘ ਨੇ ਕਿਹਾ, “ਪੁਲਿਸ ਨੂੰ ਅੱਜ ਸਵੇਰੇ ਕਰੀਬ 10:30 ਵਜੇ ਇਸ ਘਟਨਾ ਬਾਰੇ ਸੂਚਨਾ ਮਿਲੀ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਾਨਸਾ ਵਿੱਚ ਕੰਮ ਕਰ ਰਹੇ ਨਸ਼ਾ ਵਿਰੋਧੀ ਕਾਰਕੁਨ ਪਰਮਿੰਦਰ ਝੋਟਾ ਉੱਤੇ ਇੱਕ ਕੈਮਿਸਟ ਦੀ ਦੁਕਾਨ ਦੇ ਮਾਲਕ ਅਸ਼ਵਨੀ ਕੁਮਾਰ ਨੇਥ ਆਪਣੇ ਲਾਇਸੈਂਸੀ ਪਿਸਤੌਲ ਨਾਲ ਗੋਲੀ ਚਲਾ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।”

ਉਨ੍ਹਾਂ ਕਿਹਾ, “ਇੱਕ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਮੁੱਖ ਮੁਲਜ਼ਮ ਨੂੰ ਫੜਨ ਲਈ ਕਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ, ਜਦਕਿ ਉਸ ਦਾ ਇੱਕ ਮੁੱਖ ਸਾਥੀ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮੁੱਖ ਮੁਲਜ਼ਮ ਦਾ ਪਤਾ ਲਗਾ ਕੇ ਉਸ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮਾਂ ਸੀਆਈਡੀ ਅਤੇ ਹੋਰ ਵਿਭਾਗਾਂ ਨਾਲ ਤਾਲਮੇਲ ਕਰ ਰਹੀਆਂ ਹਨ।”

ਡੀਆਈਜੀ ਨੇ ਅੱਗੇ ਕਿਹਾ, “ਮੁੱਢਲੀ ਜਾਂਚ ਦੱਸਦੀ ਹੈ ਕਿ ਇਹ ਕਤਲ ਨਿੱਜੀ ਰੰਜਿਸ਼ ਕਾਰਨ ਹੋਇਆ ਹੈ। ਇਨ੍ਹਾਂ ਦੋਵਾਂ ਵਿਅਕਤੀਆਂ ਵਿਚਕਾਰ 2023 ਵਿੱਚ ਵੀ ਇੱਕ ਘਟਨਾ ਵਾਪਰੀ ਸੀ ਅਤੇ ਜਾਂਚ ਦੇ ਹਿੱਸੇ ਵਜੋਂ ਇਸ ਪੁਰਾਣੇ ਵਿਵਾਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ।”

ਪ੍ਰਦਰਸ਼ਨਕਾਰੀਆਂ ਨੂੰ ਕਾਰਵਾਈ ਦਾ ਭਰੋਸਾ ਦਿੰਦਿਆਂ ਡੀਆਈਜੀ ਹਰਜੀਤ ਸਿੰਘ ਨੇ ਕਿਹਾ, “ਅਸੀਂ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਮੁੱਖ ਮੁਲਜ਼ਮ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।”

*ਨਿੱਜੀ ਰੰਜਿਸ਼ ਹਿੰਸਾ ਦਾ ਬਹਾਨਾ ਨਹੀਂ ਹੋ ਸਕਦੀ, ਜ਼ਿੰਮੇਵਾਰ ਲੋਕਾਂ ਨੂੰ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਣਾ ਕਰਨਾ ਪਵੇਗਾ: ਬਲਤੇਜ ਪੰਨੂ*

ਇਸ ਦੌਰਾਨ, ਆਪ ਪੰਜਾਬ ਦੇ ਮੀਡੀਆ ਇੰਚਾਰਜ ਅਤੇ ਸੂਬਾ ਜਨਰਲ ਸਕੱਤਰ (ਸੰਗਠਨ) ਬਲਤੇਜ ਪੰਨੂ ਨੇ ਕਿਹਾ, “ਪਰਮਿੰਦਰ ਝੋਟਾ ਦੇ ਕਤਲ ਪਿੱਛੇ ਨਿੱਜੀ ਰੰਜਿਸ਼ ਵੱਲ ਇਸ਼ਾਰਾ ਕਰਦੇ ਪੁਲਿਸ ਦੇ ਮੁੱਢਲੇ ਤੱਥਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ। ਨਿੱਜੀ ਵਿਵਾਦ ਭਾਵੇਂ ਕੁਝ ਵੀ ਰਿਹਾ ਹੋਵੇ, ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦਾ ਕੋਈ ਹੱਕ ਨਹੀਂ ਹੈ।”

ਉਨ੍ਹਾਂ ਅੱਗੇ ਕਿਹਾ, “ਇਸ ਅਪਰਾਧ ਲਈ ਜੋ ਵੀ ਜ਼ਿੰਮੇਵਾਰ ਪਾਇਆ ਜਾਵੇਗਾ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੁਲਜ਼ਮ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਣਾ ਚਾਹੀਦਾ ਹੈ ਅਤੇ ਜਾਂਚ ਨਿਰਪੱਖ ਤਰੀਕੇ ਨਾਲ ਅੱਗੇ ਵਧਣੀ ਚਾਹੀਦੀ ਹੈ ਤਾਂ ਜੋ ਕਾਨੂੰਨ ਅਨੁਸਾਰ ਇਨਸਾਫ਼ ਮਿਲ ਸਕੇ।”