Become a member

Get the best offers and updates relating to Liberty Case News.

― Advertisement ―

spot_img
spot_img
HomeBig Newsਪੰਜਾਬ ਪੁਲਿਸ ਦੀ ਵੱਡੀ ਕਾਰਵਾਈ: ਡੋਨੀ ਬਲ ਅਤੇ ਪ੍ਰਭ ਦਾਸੂਵਾਲ ਗੈਂਗ ਦਾ...

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ: ਡੋਨੀ ਬਲ ਅਤੇ ਪ੍ਰਭ ਦਾਸੂਵਾਲ ਗੈਂਗ ਦਾ ਕਥਿਤ ਸਰਗਨਾ ਗੁਰਵਿੰਦਰ ਉਰਫ਼ ਅਫਰੀਦੀ ਇਥੋਪੀਆ ਤੋਂ ਡਿਪੋਰਟ

ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਵੱਡੀ ਸਫਲਤਾ ਹਾਸਲ ਕਰਦਿਆਂ ਡੋਨੀ ਬਲ ਅਤੇ ਪ੍ਰਭ ਦਾਸੂਵਾਲ ਗੈਂਗ ਦੇ ਕਥਿਤ ਮੁੱਖ ਸਰਗਨਾ ਗੁਰਵਿੰਦਰ ਉਰਫ਼ ਅਫਰੀਦੀ ਨੂੰ ਇਥੋਪੀਆ ਤੋਂ ਡਿਪੋਰਟ ਕਰਵਾ ਕੇ ਭਾਰਤ ਵਾਪਸ ਲਿਆਂਦਾ ਹੈ। ਇਹ ਕਾਰਵਾਈ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਦੀ ਓਵਰਸੀਜ਼ ਫਿਊਜਿਟਿਵ ਟ੍ਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ (OFTEC) ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਕੀਤੀ ਗਈ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਮੁਤਾਬਕ, ਮੁਲਜ਼ਮ ਨੇ ਵਿਦੇਸ਼ ਭੱਜਣ ਲਈ ਫਰਜ਼ੀ ਦਸਤਾਵੇਜ਼ਾਂ ਦਾ ਸਹਾਰਾ ਲਿਆ ਸੀ। ਉਸ ਨੇ ਉੱਤਰ ਪ੍ਰਦੇਸ਼ ਦੇ ਪਾਸਪੋਰਟ ਦਫ਼ਤਰ ਤੋਂ ਗੋਰਖਪੁਰ ਦੇ ਇੱਕ ਫਰਜ਼ੀ ਪਤੇ ‘ਤੇ ਪਾਸਪੋਰਟ ਬਣਵਾਇਆ ਸੀ। ਇਸ ਤੋਂ ਇਲਾਵਾ ਉਸ ਨੇ ਮੈਕਸੀਕੋ ਦਾ ਪਾਸਪੋਰਟ ਹਾਸਲ ਕਰਨ ਅਤੇ ਖੁਦ ਨੂੰ ਉੱਥੋਂ ਦਾ ਨਾਗਰਿਕ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ ਸੀ। ਪੁਲਿਸ ਮੁਤਾਬਕ, ਕਿਸੇ ਅਫਰੀਕੀ ਦੇਸ਼ ਤੋਂ ਇਸ ਤਰ੍ਹਾਂ ਦੀ ਡਿਪੋਰਟੇਸ਼ਨ ਕਾਰਵਾਈ ਰਾਹੀਂ ਮੁਲਜ਼ਮ ਨੂੰ ਪਹਿਲੀ ਵਾਰ ਭਾਰਤ ਲਿਆਂਦਾ ਗਿਆ ਹੈ।

10 ਮਹੀਨੇ ਤੱਕ ਚੱਲਿਆ ਅੰਤਰਰਾਸ਼ਟਰੀ ਆਪਰੇਸ਼ਨ

ਪੁਲਿਸ ਵੱਲੋਂ ਮੁਲਜ਼ਮ ਨੂੰ ਕਾਬੂ ਕਰਨ ਲਈ ‘ਆਪਰੇਸ਼ਨ ਸ਼ਹੀਦ’ ਤਹਿਤ ਕਰੀਬ 10 ਮਹੀਨੇ ਤੱਕ ਅੰਤਰਰਾਸ਼ਟਰੀ ਪੱਧਰ ‘ਤੇ ਮੁਹਿੰਮ ਚਲਾਈ ਗਈ। ਦੋਸ਼ ਹੈ ਕਿ ਵਿਦੇਸ਼ ਵਿੱਚ ਬੈਠ ਕੇ ਉਹ ਪੰਜਾਬ ਵਿੱਚ ਟਾਰਗੇਟ ਕਿਲਿੰਗ, ਫਿਰੌਤੀ ਲਈ ਗੋਲੀਬਾਰੀ ਅਤੇ ਹੋਰ ਸੰਗਠਿਤ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੀਆਂ ਹਦਾਇਤਾਂ ਦੇ ਰਿਹਾ ਸੀ।

ਮੁਲਜ਼ਮ ਦੀ ਗ੍ਰਿਫ਼ਤਾਰੀ ਵਿੱਚ ਮਦਦਗਾਰ ਜਾਣਕਾਰੀ ਦੇਣ ਵਾਲੇ ਲਈ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਸੀ। ਪੁਲਿਸ ਅਨੁਸਾਰ, ਗੁਰਵਿੰਦਰ ਉਰਫ਼ ਅਫਰੀਦੀ ਕਰੀਬ 30 ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ।

ਫਰਜ਼ੀ ਪਾਸਪੋਰਟ ਦੇ ਆਧਾਰ ‘ਤੇ ਵਿਦੇਸ਼ ਭੱਜਿਆ ਸੀ ਮੁਲਜ਼ਮ

ਡੀਜੀਪੀ ਗੌਰਵ ਯਾਦਵ ਮੁਤਾਬਕ, ਮੁਲਜ਼ਮ ਨੇ 12 ਫਰਵਰੀ 2025 ਨੂੰ ਵਿਜੇਂਦਰ ਸਿੰਘ ਦੇ ਨਾਂ ‘ਤੇ ਗੋਰਖਪੁਰ ਦੇ ਪਤੇ ਰਾਹੀਂ ਉੱਤਰ ਪ੍ਰਦੇਸ਼ ਦੇ ਪਾਸਪੋਰਟ ਦਫ਼ਤਰ ਤੋਂ ਪਾਸਪੋਰਟ ਬਣਵਾਇਆ ਸੀ। ਇਸੇ ਪਾਸਪੋਰਟ ਦੇ ਆਧਾਰ ‘ਤੇ ਉਹ 31 ਮਾਰਚ 2025 ਨੂੰ ਭਾਰਤ ਤੋਂ ਵਿਦੇਸ਼ ਫਰਾਰ ਹੋ ਗਿਆ।

ਉਸ ਦੀ ਵਿਦੇਸ਼ ਯਾਤਰਾ ਅਤੇ ਪਾਸਪੋਰਟ ਨਾਲ ਸਬੰਧਤ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਨੇ ਇਹ ਮਾਮਲਾ ਕੇਂਦਰੀ ਜਾਂਚ ਬਿਊਰੋ (CBI) ਨਾਲ ਸਾਂਝਾ ਕੀਤਾ। ਇਸ ਤੋਂ ਬਾਅਦ ਉਸ ਦੇ ਖ਼ਿਲਾਫ਼ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਇਆ ਗਿਆ। ਪੁਲਿਸ ਮੁਤਾਬਕ, ਉਸ ਦੇ ਖ਼ਿਲਾਫ਼ ਕੁੱਲ ਸੱਤ ਇੰਟਰਪੋਲ ਨੋਟਿਸ ਜਾਰੀ ਹੋਣ ਦੀ ਜਾਣਕਾਰੀ ਹੈ।

ਭਾਰਤ ਤੋਂ ਫਰਾਰ ਹੋਣ ਮਗਰੋਂ ਮੁਲਜ਼ਮ ਪਹਿਲਾਂ ਸੰਯੁਕਤ ਅਰਬ ਅਮੀਰਾਤ (UAE) ਪਹੁੰਚਿਆ। ਇਸ ਤੋਂ ਬਾਅਦ ਉਸ ਦੀਆਂ ਗਤੀਵਿਧੀਆਂ ਇਸਤਾਂਬੁਲ ਅਤੇ ਮੈਕਸੀਕੋ ਵਿੱਚ ਵੀ ਸਾਹਮਣੇ ਆਈਆਂ। ਉਸ ਨੇ ਮੈਕਸੀਕੋ ਦਾ ਪਾਸਪੋਰਟ ਹਾਸਲ ਕਰਨ ਦੀ ਕੋਸ਼ਿਸ਼ ਵੀ ਕੀਤੀ।

ਅਪ੍ਰੈਲ 2026 ਵਿੱਚ ਉਹ ਕੀਨੀਆ ਪਹੁੰਚਿਆ ਅਤੇ ਜੂਨ 2026 ਵਿੱਚ ਉੱਥੋਂ ਅੰਗੋਲਾ ਚਲਾ ਗਿਆ। ਇਸ ਤੋਂ ਬਾਅਦ ਉਹ ਇਥੋਪੀਆ ਪਹੁੰਚ ਗਿਆ, ਜਿੱਥੋਂ ਅੰਤਰਰਾਸ਼ਟਰੀ ਏਜੰਸੀਆਂ ਦੇ ਤਾਲਮੇਲ ਨਾਲ ਉਸ ਨੂੰ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਗਿਆ।