ਜਲੰਧਰ –ਰੇਲਵੇ ਸਟੇਸ਼ਨ ’ਤੇ ਪਲੇਟਫਾਰਮ ਦੀ ਸ਼ੈੱਡ ਤੋਂ ਤਾਰਾਂ ਹਟਾਉਣ ਸਮੇਂ ‘ਜ਼ੋਰਦਾਰ ਬਲਾਸਟ’ ਹੋ ਗਿਆ, ਜਿਸ ਨੇ ਸ਼ੈੱਡ ਨੂੰ ਪਾੜ ਦਿੱਤਾ। ਇਹ ਦੁਰਘਟਨਾ ਸਟਾਫ ਅਤੇ ਯਾਤਰੀਆਂ ਲਈ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਸੀ ਪਰ ਖੁਸ਼ਕਿਸਮਤੀ ਰਹੀ ਕਿ ਹਾਦਸਾ ਕਿਸੇ ਤਰ੍ਹਾਂ ਨਾਲ ਟਲ ਗਿਆ।
ਜਾਣਕਾਰੀ ਮੁਤਾਬਕ ਦੁਪਹਿਰ 2.50 ਵਜੇ ਦੇ ਲੱਗਭਗ ਪਲੇਟਫਾਰਮ 2 ਅਤੇ 3 ’ਤੇ ਬਣੀ ਸ਼ੈੱਡ ਦੀ ਡ੍ਰੇਨ ਪਾਈਪ ਬਲਾਕ ਹੋ ਗਈ, ਇਸ ਕਾਰਨ ਛੱਤ ਤੋਂ ਪਾਣੀ ਡਿੱਗਣ ਲੱਗਾ ਅਤੇ ਯਾਤਰੀਆਂ ਨੂੰ ਪ੍ਰੇਸ਼ਾਨੀ ਪੇਸ਼ ਆਉਣ ਲੱਗੀ। ਸੂਚਨਾ ਸਬੰਧੀ ਆਈ.ਓ.ਡਬਲਯੂ. ਵਿਭਾਗ ਨੂੰ ਸੂਚਨਾ ਦਿੱਤੀ ਗਈ। ਇਸ ’ਤੇ ਸਬੰਧਤ ਵਿਭਾਗ ਦੇ ਜੇ.ਈ. ਦਿਲੇਸ਼ਵਰ ਸਿੰਘ ਆਪਣੇ 10-12 ਕਰਮਚਾਰੀਆਂ ਨਾਲ ਪਲੇਟਫਾਰਮ ਨੰਬਰ 2 ’ਤੇ ਪੁੱਜੇ।
ਸਟਾਫ ਨੇ ਮੌਕੇ ’ਤੇ ਆ ਕੇ ਦੇਖਿਆ ਤਾਂ ਪਤਾ ਲੱਗਾ ਕਿ ਪਾਈਪ ਵਿਚ ਬਲਾਕੇਜ ਹੋ ਚੁੱਕੀ ਹੈ, ਜਿਸ ਕਾਰਨ ਪਾਣੀ ਛੱਤ ਤੋਂ ਡਿੱਗਣ ਲੱਗਾ ਹੈ। ਇਸ ’ਤੇ ਕਰਮਚਾਰੀ ਛੱਤ ’ਤੇ ਪਹੁੰਚੇ ਅਤੇ ਉਥੇ ਤਾਰਾਂ ਦਾ ਗੁੱਛਾ ਦੇਖਣ ਨੂੰ ਮਿਲਿਆ। ਬਾਰਿਸ਼ ਹੋਣ ਕਾਰਨ ਕਰਮਚਾਰੀ ਤਾਰਾਂ ਨੂੰ ਹਟਾਉਣ ਤੋਂ ਡਰ ਰਹੇ ਸਨ ਪਰ ਸੀਨੀਅਰਜ਼ ਦੇ ਕਹਿਣ ’ਤੇ ਉਨ੍ਹਾਂ ਤਾਰਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ। ਕਰਮਚਾਰੀਆਂ ਨੇ ਜਿਉਂ ਹੀ ਤਾਰਾਂ ਨੂੰ ਹਟਾ ਕੇ ਦੂਜੇ ਪਾਸੇ ਕੀਤਾ ਤਾਂ ਜ਼ੋਰਦਾਰ ਬਲਾਸਟ ਹੋ ਗਿਆ ਅਤੇ ਚੰਗਿਆੜੀਆਂ ਨਿਕਲਦੀਆਂ ਦਿਸੀਆਂ। ਬਲਾਸਟ ਨੇ ਛੱਤ ਨੂੰ ਪਾੜ ਦਿੱਤਾ, ਜਿਸ ਨਾਲ ਹੇਠਾਂ ਖੜ੍ਹੇ ਲੋਕ ਅਤੇ ਉੱਪਰ ਕੰਮ ਕਰ ਰਹੇ ਕਰਮਚਾਰੀ ਘਬਰਾ ਗਏ।