ਪਠਾਨਕੋਟ: ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਪੰਜਾਬ ਸਰਕਾਰ ਦੀ ਤਾਰੀਫ਼ ਕਰਦਿਆਂ ਕਿਹਾ ਹੈ ਕਿ ਜਿਹੜੀ ਵੀ ਪਾਰਟੀ ਹਿੰਦੂ ਹਿੱਤਾਂ ਅਤੇ ਸਨਾਤਨ ਸੰਸਕ੍ਰਿਤੀ ਦੀ ਗੱਲ ਕਰੇਗੀ, ਉਹ ਉਸ ਦੇ ਨਾਲ ਹਨ। ਉਹ ਪਠਾਨਕੋਟ ਵਿਖੇ ਕਰਵਾਈ ਜਾ ਰਹੀ ਤਿੰਨ ਰੋਜ਼ਾ ਸ੍ਰੀ ਹਨੂਮੰਤ ਕਥਾ ਦੌਰਾਨ ਸੰਗਤ ਨੂੰ ਸੰਬੋਧਨ ਕਰ ਰਹੇ ਸਨ।
ਧੀਰੇਂਦਰ ਸ਼ਾਸਤਰੀ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਸਿਆਸੀ ਪਾਰਟੀ ਦੇ ਪ੍ਰਚਾਰਕ ਨਹੀਂ, ਸਗੋਂ ਸਨਾਤਨ ਸੰਸਕ੍ਰਿਤੀ ਦੇ ਪ੍ਰਚਾਰਕ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਅਜਿਹੀ ਕੋਈ ਵੀ ਸਿਆਸੀ ਪਾਰਟੀ ਨਹੀਂ ਹੈ, ਜਿਸ ਵਿੱਚ ਹਿੰਦੂ ਨਾ ਹੋਣ। ਸਾਰੀਆਂ ਪਾਰਟੀਆਂ ਵਿੱਚ ਹਿੰਦੂ ਮੌਜੂਦ ਹਨ ਅਤੇ ਉਹ ਸਾਰਿਆਂ ਦੇ ਨਾਲ ਹਨ, ਕਿਉਂਕਿ ਸਨਾਤਨ ਸੰਸਕ੍ਰਿਤੀ ‘ਵਸੁਧੈਵ ਕੁਟੁੰਬਕਮ’ ਦਾ ਸੰਦੇਸ਼ ਦਿੰਦੀ ਹੈ।
ਪੰਜਾਬ ਸਰਕਾਰ ਦੇ ਫੈਸਲਿਆਂ ਦੀ ਕੀਤੀ ਸ਼ਲਾਘਾ
ਪੰਡਿਤ ਧੀਰੇਂਦਰ ਸ਼ਾਸਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਸੂਬੇ ਦੀਆਂ ਸਾਰੀਆਂ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮੁਆਫ਼ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਪਟਿਆਲਾ ਵਿੱਚ ਕਾਲੀ ਮਾਤਾ ਦਾ ਸ਼ਾਨਦਾਰ ਮੰਦਰ ਬਣਵਾਇਆ ਗਿਆ ਹੈ ਅਤੇ ਪਹਿਲੀ ਵਾਰ ਪੰਜਾਬ ਵਿੱਚ ਹਿੰਦੂ ਨਵੇਂ ਸਾਲ ਦੀ ਸ਼ੁਰੂਆਤ ਕਰਵਾਈ ਗਈ ਹੈ।
ਇਨ੍ਹਾਂ ਕਾਰਜਾਂ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਨਾਤਨ ਸੰਸਕ੍ਰਿਤੀ ਦੇ ਹਿੱਤ ਵਿੱਚ ਕੰਮ ਕਰਨ ਵਾਲੀ ਹਰ ਸਰਕਾਰ ਸ਼ਲਾਘਾ ਦੀ ਹੱਕਦਾਰ ਹੈ।
ਗੁਰੂ ਕਿਸੇ ਇੱਕ ਦਾ ਨਹੀਂ, ਸਾਰਿਆਂ ਦਾ ਹੁੰਦਾ ਹੈ
ਗੁਰੂ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਧੀਰੇਂਦਰ ਸ਼ਾਸਤਰੀ ਨੇ ਕਿਹਾ ਕਿ ਗੁਰੂ ਕਿਸੇ ਇੱਕ ਵਿਅਕਤੀ ਜਾਂ ਵਰਗ ਦਾ ਨਹੀਂ ਹੁੰਦਾ, ਸਗੋਂ ਸਾਰਿਆਂ ਦਾ ਹੁੰਦਾ ਹੈ। ਜਿਸ ਤਰ੍ਹਾਂ ਸੂਰਜ, ਚੰਦਰਮਾ ਅਤੇ ਗੰਗਾ ਸਭਨਾਂ ਲਈ ਹਨ, ਉਸੇ ਤਰ੍ਹਾਂ ਗੁਰੂ ਵੀ ਸਭ ਦਾ ਹੁੰਦਾ ਹੈ।
ਬੋਲੇ- ਭਾਰਤ ਵਿੱਚ ਰਾਮ ਵੱਸਦਾ ਹੈ ਅਤੇ ਰਾਮ ਵਿੱਚ ਭਾਰਤ
ਸ਼ਾਸਤਰੀ ਨੇ ਕਿਹਾ ਕਿ ਜੇਕਰ ਸਨਾਤਨ ਸੰਸਕ੍ਰਿਤੀ ਸੁਰੱਖਿਅਤ ਰਹੇਗੀ ਤਾਂ ਹੀ ਦੇਸ਼ ਦੀਆਂ ਪਰੰਪਰਾਵਾਂ ਜਿਊਂਦੀਆਂ ਰਹਿਣਗੀਆਂ। ਭਾਰਤ ਵਿੱਚ ਰਾਮ ਵੱਸਦਾ ਹੈ ਅਤੇ ਰਾਮ ਵਿੱਚ ਭਾਰਤ ਵੱਸਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ 17 ਦਸੰਬਰ ਨੂੰ ਚੰਡੀਗੜ੍ਹ ਵਿੱਚ ਹੋਣ ਵਾਲੇ ‘ਗਊ ਸਨਮਾਨ ਆਹਵਾਨ ਅਭਿਆਨ’ ਨੂੰ ਆਪਣਾ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਗਊ ਦੀ ਰੱਖਿਆ ਹੋਵੇਗੀ ਤਾਂ ਹੀ ਰਾਸ਼ਟਰ, ਧਰਮ ਅਤੇ ਸਨਾਤਨ ਸੰਸਕ੍ਰਿਤੀ ਦੀ ਰੱਖਿਆ ਹੋ ਸਕੇਗੀ।

