ਬੀਤੇ ਦਿਨ ਦਿੱਲੀ ਦੇ ਜੰਤਰ ਮੰਤਰ ’ਤੇ ਇੰਡੀਆ ਗਠਜੋੜ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਜਿੱਥੇ ਵੱਖ-ਵੱਖ ਪਾਰਟੀਆਂ ਵੱਲੋਂ ਧਰਨੇ ’ਚ ਸਮੂਲੀਅਤ ਕੀਤੀ ਗਈ ਤਾਂ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਸ ਪ੍ਰਦਰਸ਼ਨ ’ਚ ਹਿੱਸਾ ਲਿਆ। ਉਨ੍ਹਾਂ ਇੱਥੇ ਸੰਬੋਧਨ ਕਰਦੇ ਹੋਏ ਕੇਂਦਰੀ ਦੀ ਭਾਜਪਾ ਸਰਕਾਰ ’ਤੇ ਵੱਡੇ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਕਿ ਇੰਡੀਆ ਗੱਠਜੋੜ ਦੀ ਆਵਾਜ਼ ਇੱਕ ਹੀ ਹੈ। 400 ਪਾਰ ਕਰਨ ਦਾ ਨਾਅਰਾ ਦੇਣ ਵਾਲੀ ਭਾਜਪਾ ਸਿਰਫ 240 ਤੱਕ ਹੀ ਸੀਮਤ ਰਹੀ। ਇਸ ਨਾਲ ਭਾਜਪਾ ਦਾ ਹੰਕਾਰ ਥੋੜ੍ਹਾ ਘਟਿਆ ਹੈ, ਪਰ ਇਸ ਵਿੱਚ ਅਜੇ ਵੀ ਹੰਕਾਰ ਹੈ ਅਤੇ ਦੇਸ਼ ਦੀ ਜਨਤਾ ਇਸ ਹੰਕਾਰ ਨੂੰ ਤੋੜ ਦੇਵੇਗੀ।
ਭਗਵੰਤ ਮਾਨ ਨੇ ਸੱਤਾਧਿਰ ’ਤੇ ਵਿਧਾਇਕਾਂ ਨੂੰ ਖਰੀਦਣ ਦੇ ਇਲਜ਼ਾਮ ਲਗਾਉਂਦਿਆਂ ਭਾਜਪਾ ਨੂੰ ਚੋਰ ਦੱਸਿਆ ਤੇ ਕਿਹਾ ਕਿ ਭਾਜਪਾ ਪਾਰਟੀਆਂ ਚੋਰੀ ਕਰਦੀ ਹੈ, ਸ਼ਿਵ ਸੈਨਾ ਦਾ ਕਮਾਨ-ਤੀਰ, ਸ਼ਰਦ ਪਵਾਰ ਦੀ ਘੜੀ, ਚੌਟਾਲਾ ਦੀਆਂ ਦੋ ਚੱਪਲਾਂ ਚੋਰੀ ਕਰ ਲਈਆਂ। ਭਾਜਪਾ ਵਾਲੇ ਉਹ ਲੋਕ ਹਨ, ਜਿਨ੍ਹਾਂ ਨੇ ਦੇਸ਼ ਨੂੰ ਲੁੱਟਿਆ ਅਤੇ ਅਸੀਂ, ਦੇਸ਼ ਨੂੰ ਬਚਾਉਣ ਵਾਲੇ ਲੋਕ ਹਾਂ। ਅਰਵਿੰਦ ਕੇਜਰੀਵਾਲ ਜਿੱਥੇ ਵੀ ਜਾਂਦੇ ਹਨ, ਭਾਜਪਾ ਦਾ ਸਫ਼ਾਇਆ ਹੋ ਜਾਂਦਾ ਹੈ, ਇਸੇ ਲਈ ਉਨ੍ਹਾਂ ਨੇ ਉਨ੍ਹਾਂ ਨੂੰ ਚੁੱਕ ਕੇ ਜੇਲ੍ਹ ਵਿੱਚ ਡੱਕ ਦਿੱਤਾ। ਨਾਲ ਹੀ ਸੀਐੱਮ ਮਾਨ ਨੇ ਦਿੱਲੀ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕੇਜਰੀਵਾਲ ਦਾ ਕੀ ਕਸੂਰ ਸੀ ਕਿ ਮੋਦੀ ਜੀ ਨੇ ਉਨ੍ਹਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ? ਉਨ੍ਹਾਂ ਨੇ ਸਕੂਲ, ਹਸਪਤਾਲ ਬਣਾਏ ਅਤੇ ਬਿਜਲੀ ਮੁਫ਼ਤ ਕੀਤੀ। ਜ਼ੁਲਮ ਦੀ ਵੀ ਕੋਈ ਹੱਦ ਹੁੰਦੀ ਹੈ। ਆਮ ਆਦਮੀ ਪਾਰਟੀ ਇੱਕ ਅੰਦੋਲਨ ਵਾਲੀ ਪਾਰਟੀ ਹੈ। ‘ਆਪ’ ਨੇ ਆਮ ਲੋਕਾਂ ਨੂੰ ਵਿਧਾਇਕ, ਮੰਤਰੀ, ਮੁੱਖ ਮੰਤਰੀ ਬਣਾਇਆ ਅਤੇ ਆਮ ਆਦਮੀ ਬਾਰੇ ਸੋਚਿਆ।