ਸੂਬੇ ’ਚ ਪਏ ਭਾਰੀ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਤਾਂ ਉੱਥੇ ਹੀ ਕਈ ਇਲਾਕਿਆਂ ਲਈ ਮੁਸੀਬਤਾਂ ਵੀ ਖੜੀਆਂ ਕਰ ਦਿੱਤੀਆਂ ਹਨ। ਜੇਕਰ ਬਠਿੰਡਾ ਦੀ ਗੱਲ ਕਰੀਏ ਤਾਂ ਬਠਿੰਡਾ ’ਚ ਕਈ ਘੰਟਿਆਂ ਤੋਂ ਲਗਾਤਾਰ ਪਏ ਭਾਰੀ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਕਈ ਫੁੱਟ ਤੱਕ ਪਾਣੀ ਜਮ੍ਹਾਂ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੇ ਨਾਲ ਇੱਕ ਹੋਰ ਖ਼ਬਰ ਮਿਲੀ ਹੈ, ਜਿੱਥੇ ਇੱਕ ਪਰਿਵਾਰ ਦੀ ਜਾਨ ਉਸ ਸਮੇਂ ਬੱਚ ਗਈ ਜਦੋਂ ਪਰਿਵਾਰ ਘਰ ’ਚ ਨਹੀਂ ਸੀ ਅਤੇ ਭਾਰੀ ਮੀਂਹ ਕਾਰਨ ਮਕਾਨ ਦੀ ਛੱਤ ਹੇਠਾਂ ਆ ਡਿੱਗੀ। ਪ੍ਰਜਾਪਤ ਕਲੋਨੀ ’ਚ ਪੀੜਤ ਮਕਾਨ ਮਾਲਕ ਨੇ ਦੱਸਿਆ ਕਿ ਤੜਕਸਾਰ ਕਰੀਬ 6 ਵਜੇ ਸਾਰਾ ਪਰਿਵਾਰ ਘਰ ਤੋਂ ਬਾਹਰ ਸੀ ਕਿ ਇਸ ਦੌਰਾਨ ਅਚਾਨਕ ਉੱਚੀ ਖੜਾਕਾ ਹੋਇਆ, ਜਦੋਂ ਜਾ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਘਰ ਦੀ ਛੱਤ ਡਿੱਗ ਪਈ ਸੀ ਅਤੇ ਸਾਰਾ ਸਮਾਨ ਮਲਬੇ ਦੇ ਹੇਠਾਂ ਦੱਬਿਆ ਗਿਆ ਸੀ। ਹਾਲਾਂਕਿ ਪਰਿਵਾਰ ਦਾ ਵਾਲ ਵੀ ਵਿੰਗਾ ਨਹੀਂ ਹੋਇਆ ਪਰ ਘਰ ਅੰਦਰ ਪਏ ਸਮਾਨ ਦਾ ਕਾਫੀ ਨੁਕਸਾਨ ਹੋ ਗਿਆ। ਨਾਲ ਹੀ ਪਰਿਵਾਰ ਨੇ ਹੈਰਾਨੀ ਜਤਾਉਂਦੇ ਹੋਇਆ ਆਖਿਆ ਕਿ ਮਕਾਨ ਦੀ ਛੱਤ ਬਹੁਤ ਹੀ ਜਿਆਦਾ ਮਜਬੂਤ ਸੀ, ਫਿਰ ਵੀ ਪਤਾ ਨਹੀਂ ਕਿਸ ਤਰ੍ਹਾਂ ਛੱਤ ਦਾ ਲੈਂਟਰ ਅਚਾਨਕ ਡਿੱਗ ਗਿਆ।