ਮੌਨਸੂਨ ਦੀ ਪਹਿਲਾਂ ਬਰਸਾਤ ਕਾਰਨ ਨਵੀਂ ਸੰਸਦ ਭਵਨ ’ਚ ਟਪਕੇ ਪਾਣੀ ਨੇ ਕੇਂਦਰ ਸਰਕਾਰ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਸੰਸਦ ’ਚ ਜਿੱਥੇ ਛੱਤਾਂ ਤੋਂ ਪਾਣੀ ਟਪਕਦਾ ਨਜ਼ਰ ਆਇਆ ਤਾਂ ਉੱਥੇ ਹੀ ਜ਼ਮੀਨ ’ਤੇ ਹੜ੍ਹਾਂ ਪਾਣੀ ਇੱਕਠਾ ਹੋ ਗਿਆ। ਇਸੇ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਲਗਾਤਾਰ ਕੇਂਦਰ ਦੀ ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ (ਆਪ) ਨੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋ ਗਿਆ ਹੈ।
ਦਰਅਸਲ ਬੁੱਧਵਾਰ ਨੂੰ ‘ਆਪ’ ਪੰਜਾਬ ਦੇ ਸੀਨੀਅਰ ਆਗੂ ਅਤੇ ਬੁਲਾਰੇ ਨੀਲ ਗਰਗ ਨੇ ਪ੍ਰੈੱਸ ਕਾਨਫ਼ਰੰਸ ਕੀਤੀ। ਪ੍ਰੈੱਸ ਕਾਨਫ਼ਰੰਸ ਦੌਰਾਨ ਨੀਲ ਗਰਗ ਨੇ ਸੰਸਦ ’ਚ ਮੀਂਹ ਦੇ ਪਾਣੀ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ’ਤੇ ਸ਼ਬਦੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਆਗੂ ਹਮੇਸ਼ਾ ਭ੍ਰਿਸ਼ਟਾਚਾਰ ਵਿਰੁੱਧ ਲੜਨ ਦੀ ਗੱਲ ਕਰਦੇ ਹਨ, ਪਰ ਉਨ੍ਹਾਂ ਦੇ ਸਾਰੇ ਕੰਮ ਭ੍ਰਿਸ਼ਟਾਚਾਰ ਨਾਲ ਭਰੇ ਹੋਏ ਹਨ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਹਜ਼ਾਰਾਂ ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਮਾਰਤ ਪਹਿਲੀ ਬਰਸਾਤ ਵਿੱਚ ਹੀ ਲੀਕ ਹੋਣੀ ਸ਼ੁਰੂ ਹੋ ਗਈ।
ਇਸ ਦੇ ਨਾਲ ਹੀ ਗਰਗ ਨੇ ਮੋਦੀ ਸਰਕਾਰ ਦੇ ਬਣਾਏ ਹੋਏ ਹੋਰ ਬੁਨਿਆਂਦੀ ਢਾਂਚਿਆਂ ਦਾ ਵੀ ਹਵਾਲਾ ਦਿੱਤਾ, ਜਿੰਨ੍ਹਾਂ ਕਰਕੇ ਦੇਸ਼ ਨੂੰ ਵੱਡੇ ਨੁਕਸਾਨ ਸਹਿਣੇ ਪਏ। ਨੀਲ ਗਰਗ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਛੱਤ ਡਿੱਗ ਗਈ। ਇਸ ਤੋਂ ਇਲਾਵਾ ਢਹਿ ਢੇਰੀ ਹੋਏ ਹੋਰ ਵੀ ਕਈ ਪੁਲ ਵੀ ਨਰਿੰਦਰ ਮੋਦੀ ਸਰਕਾਰ ਦੌਰਾਨ ਬਣਾਏ ਗਏ ਸਨ। ਉਨ੍ਹਾਂ ਵੱਲੋਂ ਬਣਾਏ ਰਾਮ ਮੰਦਰ ਦੀ ਛੱਤ ਤੋਂ ਵੀ ਪਾਣੀ ਟਪਕ ਰਿਹਾ ਹੈ। ਇੱਕ ਕਵਾਹਤ ਦਾ ਹਵਾਲਾ ਦਿੰਦੇ ਹੋਏ ਨੀਲ ਗਰਗ ਨੇ ਕਿਹਾ ਕਿ ‘ਮੂੰਹ ‘ਤੇ ਰਾਮ, ਬਗਲ ‘ਚ ਛੂਰੀ’ ਕਹਾਵਤ ਭਾਜਪਾ ਦੇ ਕੰਮ ‘ਤੇ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ। ਨੀਲ ਗਰਗ ਨੇ ਕਿਹਾ ਕਿ ਇੰਨੇ ਵੱਡੇ ਘੁਟਾਲੇ ਭਾਰਤ ਦੇ ਇਤਿਹਾਸ ਵਿੱਚ ਕਦੇ ਨਹੀਂ ਹੋਏ ਜਿੰਨੇ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਹੋਏ ਹਨ।