ਚੰਡੀਗੜ੍ਹ- ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕੌਮੀ ਰਾਜਮਾਰਗਾਂ ਲਈ ਜ਼ਮੀਨ ਐਕਵਾਇਰ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸੂਬੇ ਭਰ ਦੇ ਉਪ ਮੰਡਲ ਮੈਜਿਸਟ੍ਰੇਟਾਂ (ਐੱਸ. ਡੀ. ਐੱਮਜ਼) ਤੇ ਜ਼ਿਲ੍ਹਾ ਮਾਲ ਅਫ਼ਸਰਾਂ (ਡੀ. ਆਰ. ਓਜ਼) ਨਾਲ ਮੀਟਿੰਗ ਕੀਤੀ।
ਤਿੰਨ ਘੰਟੇ ਤੋਂ ਵੀ ਲੰਬੀ ਚੱਲੀ ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਪ੍ਰਿਯੰਕ ਭਾਰਤੀ, ਚੀਫ ਇੰਜੀਨੀਅਰ, ਨੈਸ਼ਨਲ ਹਾਈਵੇਜ਼, ਪੰਜਾਬ ਪੀ. ਡਬਲਯੂ. ਡੀ. (ਬੀ. ਐਂਡ. ਆਰ.) ਜੇ. ਐੱਸ. ਤੁੰਗ ਤੇ ਐੱਨ. ਐੱਚ. ਏ. ਆਈ., ਚੰਡੀਗੜ੍ਹ ਦੇ ਆਰ. ਓ. ਵਿਪਨੇਸ਼ ਸ਼ਰਮਾ ਨਾਲ ਚੱਲ ਰਹੇ ਪ੍ਰਾਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਤੇ ਕੌਮੀ ਰਾਜਮਾਰਗਾਂ ਲਈ ਜ਼ਮੀਨ ਪ੍ਰਾਪਤੀ ਦੌਰਾਨ ਦਰਪੇਸ਼ ਚੁਣੌਤੀਆਂ ਨੂੰ ਦੂਰ ਕਰਨ ਲਈ ਰਣਨੀਤੀ ’ਤੇ ਚਰਚਾ ਕੀਤੀ।
ਉਨ੍ਹਾਂ ਨੇ ਕੌਮੀ ਰਾਜਮਾਰਗਾਂ ਦੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਲਈ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਐੱਸ. ਡੀ.ਐੱਮਜ਼ ਨੂੰ ਹਦਾਇਤ ਕੀਤੀ ਕਿ ਉਹ ਲਟਕੇ ਮਸਲਿਆਂ ਦਾ ਜਲਦੀ ਹੱਲ ਕਰਨ ਦੇ ਨਾਲ-ਨਾਲ ਜ਼ਮੀਨ ਮਾਲਕਾਂ ਨੂੰ ਉਚਿਤ ਮੁਆਵਜ਼ਾ ਮਿਲਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਇਹ ਸਮੀਖਿਆ ਮੀਟਿੰਗ ਜਲਦੀ ਹੀ ਅਗਲੀ ਬੁਲਾਈ ਜਾਣ ਵਾਲੀ ਮੀਟਿੰਗ ਦੌਰਾਨ ਕਾਰਗੁਜ਼ਾਰੀ ਦੇ ਮੁਲਾਂਕਣ ਲਈ ਬੈਂਚਮਾਰਕ ਵਜੋਂ ਕੰਮ ਕਰੇਗੀ।