ਪੰਜਾਬ ਸਰਕਾਰ ਵੱਲੋਂ ਫਰਵਰੀ 2024 ਵਿੱਚ ਖਰੀਦਿਆ ਗਿਆ ਗੁਰੂ ਅਮਰਦਾਸ ਥਰਮਲ ਪਲਾਂਟ ਰਿਕਾਰਡ ਪਲਾਂਟ ਲੋਡ ਫੈਕਟਰ ਤੇ ਚੱਲ ਰਿਹਾ ਹੈ। ਜਿਸ ਨੇ ਜੁਲਾਈ 2024 ਚ ਲਗਭਗ 89.7 ਫੀਸਦ PLF ਦੇ ਨਾਲ 327 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ। ਇਹ ਖੁਲਾਸਾ ਅੱਜ ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਕੀਤਾ ਗਿਆ।
ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆ ਹੋਇਆ ਉਨ੍ਹਾਂ ਖਰੀਦੇ ਗਏ ਗੁਰੂ ਅਮਰਦਾਸ ਥਰਮਲ ਪਲਾਂਟ ਨੂੰ ਪੰਜਾਬ ਸਰਕਾਰ ਲਈ ਵੱਡੀ ਪ੍ਰਾਪਤੀ ਦੱਸਿਆ। ਈਟੀਓ ਨੇ ਥਰਮਲ ਪਲਾਂਟ ਦੇ ਖਰੀਦਣ ਤੋਂ ਪਹਿਲਾਂ ਅਤੇ ਖਰੀਦਣ ਤੋਂ ਬਾਅਦ ਦੇ ਵੇਰਵੇ ਸਾਂਝੇ ਕੀਤੇ। ਉਨ੍ਹਾਂ ਆਖਿਆ ਕਿ ਵਿੱਤੀ ਸਾਲ 2024-25 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਥਰਮਲ ਪਲਾਂਟ ਦੇ ਪਲਾਂਟ ਲੋਡ ਫੈਕਟਰ ਵਿੱਚ ਕਾਫੀ ਸੁਧਾਰ ਹੋਇਆ ਹੈ। ਮੌਜੂਦਾ ਵਿੱਤੀ ਸਾਲ (2024-25) ਦੌਰਾਨ, ਅਪ੍ਰੈਲ ਲਈ PLF 66 ਫੀਸਦ, ਮਈ ਲਈ 82 ਫੀਸਦ ਅਤੇ ਜੂਨ ਲਈ 78 ਫੀਸਦ ਰਿਹਾ। ਇਸ ਤਰ੍ਹਾਂ ਜੁਲਾਈ ਤੱਕ ਔਸਤ PLF 79 ਫੀਸਦ ਦਰਜ ਕੀਤਾ ਗਿਆ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਅਪ੍ਰੈਲ 2016 ਤੋਂ ਜਨਵਰੀ 2024 ਦੀ ਮਿਆਦ ਵਿੱਚ ਇਸਦੀ ਔਸਤ PLF ਮਹਿਜ਼ 34 ਫੀਸਦੀ ਸੀ। ਮਾਰਚ 2019 ਵਿੱਚ ਲਗਭਗ 282 ਮਿਲੀਅਨ ਯੂਨਿਟ ਬਿਜਲੀ ਉਤਪਾਦਨ ਦੇ ਨਾਲ ਵੱਧ ਤੋਂ ਵੱਧ 77 ਫੀਸਦ PLF ਪ੍ਰਾਪਤ ਕੀਤਾ ਗਿਆ ਜਦੋਂ ਕਿ PLF ਪਿਛਲੇ ਵਿੱਤੀ ਸਾਲ (2023-24) ’ਚ ਲਗਭਗ 51 ਫੀਸਦ ਰਿਹਾ।