ਹਮਾਸ ਅਤੇ ਇਜ਼ਰਾਇਲ ਵਿਚਾਲੇ ਕਰੀਬ 9 ਮਹੀਨਿਆਂ ਤੋਂ ਜੰਗ ਚੱਲ ਰਹੀ ਹੈ ਜੋ ਕਿ ਰੁਕਣ ਦਾ ਨਾਂਅ ਨਹੀਂ ਲੈ ਰਹੀ। ਇਜ਼ਰਾਇਲ ਇੱਕ ਪਾਸੇ ਗਾਜ਼ਾ ’ਚ ਲਗਾਤਾਰ ਹਮਲੇ ਕਰ ਰਿਹਾ ਹੈ ਤਾਂ ਦੂਜੇ ਪਾਸੇ ਹਮਾਸ ਨਾਲ ਜੰਗਬੰਦੀ ਕਰਨ ਲਈ ਅਧਿਕਾਰੀ ਭੇਜਣ ਵਰਗੇ ਬਿਆਨ ਦੇ ਰਿਹਾ ਹੈ। ਪਰ ਹਮਾਸ ਨੇ ਇਜ਼ਰਾਇਲ ਦੇ ਇੰਨ੍ਹਾਂ ਬਿਆਨਾਂ ਨੂੰ ਖੋਖਲਾ ਦੱਸਿਆ ਹੈ ਅਤੇ ਅਪਰਾਧਾਂ ਤੋਂ ਬੱਚਣ ਦਾ ਦੋਸ਼ ਲਗਾਇਆ।
ਦਰਅਸਲ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫਤਰ ਤੋਂ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਕਿ ਗਾਜ਼ਾ ਵਿੱਚ ਜੰਗਬੰਦੀ ਅਤੇ ਬੰਦੀਆਂ ਦੀ ਰਿਹਾਈ ਲਈ ਗੱਲਬਾਤ ਕਰਨ ਲਈ ਇੱਕ ਇਜ਼ਰਾਈਲੀ ਵਫਦ ਆਉਣ ਵਾਲੇ ਦਿਨਾਂ ਵਿੱਚ ਕਾਹਿਰਾ ਜਾਵੇਗਾ। ਇਸ ਦੇ ਨਾਲ ਹੀ ਕਿਹਾ ਗਿਆ ਕਿ ਬੰਦੀਆਂ ਦੇ ਰਿਹਾਈ ਦੇ ਸੌਦੇ ਲਈ ਗੱਲਬਾਤ ਕਰਨ ਵਾਲੀ ਟੀਮ ਸ਼ਨੀਵਾਰ ਰਾਤ ਨੂੰ ਜਾਂ ਐਤਵਾਰ ਨੂੰ ਕਾਹਿਰਾ ਲਈ ਰਵਾਨਾ ਹੋਵੇਗੀ।
ਦੂਜੇ ਪਾਸੇ ਹਮਾਸ ਦੇ ਅਧਿਕਾਰੀਆਂ ਨੇ ਇਸ ’ਤੇ ਤਿੱਖੀ ਟਿੱਪਣੀ ਕੀਤੀ ਹੈ। ਹਮਾਸ ਦੇ ਸੀਨੀਅਰ ਅਧਿਕਾਰੀ ਸਾਮੀ ਅਬੂ ਜ਼ੂਹਰੀ ਨੇ ਬਿਆਨ ਜਾਰੀ ਕਰਦੇ ਹੋਏ ਆਖਿਆ ਕਿ ਨੇਤਨਯਾਹੂ ਜੰਗ ਨੂੰ ਰੋਕਣਾ ਨਹੀਂ ਚਾਹੁੰਦੇ। ਸਗੋਂ ਆਪਣੇ ਅਪਰਾਧਾਂ ਨੂੰ ਲੁਕਾਉਣ ਅਤੇ ਉਨ੍ਹਾਂ ਦੇ ਨਤੀਜਿਆਂ ਤੋਂ ਬਚਣ ਲਈ ਇਨ੍ਹਾਂ ਖੋਖਲੇ ਬਿਆਨਾਂ ਦੀ ਵਰਤੋਂ ਕਰ ਰਿਹਾ ਹੈ।