ਮੋਗਾ: ਮੋਗਾ ਤੋਂ ਸਵੇਰੇ-ਸਵੇਰੇ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਇਕ ਬਜ਼ੁਰਗ ਮੰਦਰ ਮੱਥਾ ਟੇਕਣ ਲਈ ਘਰੋਂ ਨਿਕਲਿਆ ਸੀ, ਪਰ ਰਾਹ ਵਿਚ ਹੀ ਉਸ ਦੀ ਰੇਲਗੱਡੀ ਹੇਠਾਂ ਆਉਣ ਨਾਲ ਮੌਤ ਹੋ ਗਈ ਹੈ। ਪਰਿਵਾਰ ਮੁਤਾਬਕ ਬਜ਼ੁਰਗ ਦੀ ਨਜ਼ਰ ਥੋੜ੍ਹੀ ਕਮਜ਼ੋਰ ਸੀ ਅਤੇ ਉਸ ਦੀ ਲੱਤ ਦਾ ਵੀ ਆਪ੍ਰੇਸ਼ਨ ਹੋਇਆ ਹੈ। ਮ੍ਰਿਤਕ ਦੀ ਪਛਾਣ ਮੋਗਾ ਨਾਨਕ ਨਗਰੀ ਦੇ ਰਹਿਣ ਵਾਲੇ ਚਮਨ ਲਾਲ ਵਜੋਂ ਹੋਈ ਹੈ, ਜਿਸ ਦੀ ਉਮਰ 55 ਸਾਲ ਦੇ ਕਰੀਬ ਸੀ।
ਜਾਣਕਾਰੀ ਮੁਤਾਬਕ ਚਮਨ ਲਾਲ ਅੱਜ ਸਵੇਰੇ ਮੱਥਾ ਟੇਕਣ ਲਈ ਜਾ ਰਿਹਾ ਸੀ। ਰੇਲਵੇ ਟ੍ਰੈਕ ਨੂੰ ਪਾਰ ਕਰਦਿਆਂ ਉਹ ਰੇਲ ਗੱਡੀ ਦੇ ਹੇਠਾਂ ਆ ਗਿਆ ਤੇ ਉਸ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਮੌਕੇ ‘ਤੇ ਪਹੁੰਚੀ ਰੇਲਵੇ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਮਾਜ ਸੇਵੀ ਸੁਸਾਇਟੀ ਦੇ ਸਹਿਯੋਗ ਨਾਲ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚਾ ਦਿੱਤਾ ਹੈ।
ਮ੍ਰਿਤਕ ਦੇ ਭਰਾ ਜੱਗੀ ਨੇ ਦੱਸਿਆ ਕਿ ਚਮਨ ਲਾਲ ਦੀ ਨਜ਼ਰ ਦੀ ਥੋੜ੍ਹੀ ਕਮਜ਼ੋਰ ਹੈ ਤੇ ਲੱਤ ਦਾ ਆਪ੍ਰੇਸ਼ਨ ਵੀ ਹੋਇਆ ਹੈ। ਅੱਜ ਸਵੇਰੇ ਉਹ ਮੰਦਰ ਜਾਣ ਲਈ ਘਰੋਂ ਨਿਕਲਿਆ ਸੀ, ਪਰ ਰਾਹ ਵਿਚ ਹੀ ਇਹ ਹਾਦਸਾ ਵਾਪਰ ਗਿਆ। ਰੇਲਵੇ ਪੁਲਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ। ਪਰਿਵਾਰ ਦੇ ਬਿਆਨਾਂ ਦੇ ਅਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।