ਜਲੰਧਰ- ਜਲੰਧਰ-ਅੰਮ੍ਰਿਤਸਰ ਹਾਈਵੇ ‘ਤੇ ਪਠਾਨਕੋਟ ਚੌਕ ਤੋਂ ਕੁਝ ਦੂਰੀ ‘ਤੇ ਫਲਾਈਓਵਰ ’ਤੇ 2 ਵਾਹਨ ਆਪਸ ’ਚ ਟਕਰਾ ਗਏ । ਆਪਸ ’ਚ ਭਿੜਨ ਵਾਲੇ ਵਾਹਨਾਂ ’ਚ ਇਕ ਆਈ-20 ਕਾਰ ਤੇ ਇਕ ਆਲਟੋ ਕਾਰ ਸ਼ਾਮਲ ਸੀ, ਜਿਨ੍ਹਾਂ ’ਚੋਂ ਆਈ-20 ਕਾਰ ਛੇ ਵਾਰ ਪਲਟ ਗਈ, ਜਿਸ ਕਾਰਨ ਏਅਰਬੈਗ ਖੁੱਲ੍ਹਣ ਕਾਰਨ ਡਰਾਈਵਰ ਦਾ ਬਚਾਅ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਕਾਰਾਂ ਦੇ ਡਰਾਈਵਰ ਅੰਮ੍ਰਿਤਸਰ ਵੱਲ ਜਾ ਰਹੇ ਸਨ ਤੇ ਦੇਖਦੇ ਹੀ ਦੇਖਦੇ ਹਾਦਸਾ ਵਾਪਰ ਗਿਆ। ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਇਸ ਹਾਦਸੇ ‘ਚ ਕੋਈ ਜ਼ਖਮੀ ਨਹੀਂ ਹੋਇਆ ਪਰ ਦੋਵਾਂ ਵਾਹਨਾਂ ‘ਚ ਸਵਾਰ 5 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਅੰਮ੍ਰਿਤਸਰ ਜਾ ਰਹੇ ਸਨ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਸਮੇਤ ਸੜਕ ਸੁਰੱਖਿਆ ਟੀਮ ਮੌਕੇ ‘ਤੇ ਪਹੁੰਚ ਗਈ, ਜਿਨ੍ਹਾਂ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਪਹੁੰਚਾਇਆ ਤੇ ਗੱਡੀਆਂ ਨੂੰ ਥਾਣੇ ਭੇਜ ਦਿੱਤਾ। ਦੇਰ ਰਾਤ ਪੁਲਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਸੀ।