ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੇ ਸੂਬੇ ’ਚ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਪੰਜਾਬ ਵਿਜੀਲੈਂਸ ਬਿਊਰੋ ਲਗਾਤਾਰ ਕਾਰਵਾਈ ਕਰ ਰਿਹਾ ਹੈ। ਇਸੇ ਤਹਿਤ ਕਾਰਵਾਈ ਕਰਦੇ ਹੋਏ ਸੂਬੇ ਦੇ ਵਿਜੀਲੈਂਸ ਵਿਭਾਗ ਨੇ ਪਟਿਆਲਾ ਜ਼ਿਲ੍ਹੇ ’ਚ ਤਾਇਨਾਤ ਇੱਕ SHO ਅਤੇ ਇੱਕ ASI ਨੂੰ 50 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਦਰਅਸਲ ਵਿਜੀਲੈਂਸ ਵਿਭਾਗ ਵੱਲੋਂ ਇਹ ਕਾਰਵਾਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਕਾਰਵਾਈ ਥਾਣਾ ਭਾਦਸੋਂ, ਜ਼ਿਲ੍ਹਾ ਪਟਿਆਲਾ ਦੇ SHO ਵਜੋਂ ਤਾਇਨਾਤ ਸਬ-ਇੰਸਪੈਕਟਰ (SI) ਇੰਦਰਜੀਤ ਸਿੰਘ ਅਤੇ ਉਸਦੇ ਇੱਕ ਸਾਥੀ ਸਹਾਇਕ ਸਬ-ਇੰਸਪੈਕਟਰ (ASI) ਅਮਰਜੀਤ ਸਿੰਘ ਖ਼ਿਲਾਫ਼ ਕੀਤੀ ਗਈ ਹੈ, ਜਿੰਨ੍ਹਾਂ ਦੇ ਵਿਰੁੱਧ 50 ਹਜ਼ਾਰ ਦੀ ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਹਰਮਨ ਸਿੰਘ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਉਕਤ ਦੋਵਾਂ ਪੁਲਿਸ ਮੁਲਾਜ਼ਮਾਂ ਵਿਰੁੱਧ ਆਨਲਾਈ ਸ਼ਿਕਾਇਤ ਦਰਜ ਕਰਵਾਈ ਗਈ ਸੀ, ਸ਼ਿਕਾਇਤ ’ਚ ਦੋਸ਼ ਲਗਾਇਆ ਗਿਆ ਕਿ ਥਾਣਾ ਭਾਦਸੋਂ ’ਚ ਉਸਦੇ ਅਤੇ ਹੋਰਨਾਂ ਵਿਰੁੱਧ ਮੁਕੱਦਮਾ ਦਰਜ ਸੀ ਅਤੇ ਇਸ ਕੇਸ ਵਿੱਚ ਉਕਤ SHO ਅਤੇ ASI ਨੇ ਦੋਸ਼ੀਆਂ ਦੀ ਮੱਦਦ ਕਰਨ ਬਦਲੇ ਪਹਿਲਾਂ ਹੀ ਉਹਨਾਂ ਤੋਂ ਰਿਸ਼ਵਤ ਵਜੋਂ 50,000 ਲੈ ਲਏ ਸਨ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਸਮਝੌਤਾ ਹੋਣ ਉਪਰੰਤ ਹੁਣ ਦੋਵੇਂ ਪੁਲਿਸ ਅਧਿਕਾਰੀ ਉਕਤ FIR ਨੂੰ ਰੱਦ ਕਰਵਾਉਣ ਲਈ ਸ਼ਿਕਾਇਤਕਰਤਾ ਤੋਂ 35000 ਰੁਪਏ ਦੀ ਹੋਰ ਰਿਸ਼ਵਤ ਦੀ ਮੰਗ ਕਰ ਰਹੇ ਹਨ।
ਵਿਜੀਲੈਂਸ ਦੀ ਮੁੱਢਲੀ ਕਾਰਵਾਈ ’ਚ ਉਕਤ ਸ਼ਿਕਾਇਤ ਸਹੀ ਪਾਈ ਗਈ। ਇਸ ਤੋਂ ਬਾਅਦ ਵਿਭਾਗ ਵੱਲੋਂ ਜਾਲ ਵਿਛਾ ਕੇ ਉਕਤ ਪੁਲਿਸ ਅਧਿਕਾਰੀਆਂ ਨੂੰ ਜਾਲ ਵਿਛਾ ਕੇ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਹੈ। ਵਿਭਾਗ ਮੁਤਾਬਕ ਪੁਲਿਸ ਅਧਿਕਾਰੀਆਂ ’ਤੇ 35000 ਰੁਪਏ ਹੋਰ ਮੰਗਣ ਅਤੇ 50000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਸਾਬਤ ਹੋ ਗਏ। ਇਸ ਤੋਂ ਬਾਅਦ ਉਕਤ SHO ਅਤੇ ASI ਵਿਰੁੱਧ ਵਿਜੀਲੈਂਸ ਬਿਊਰੋ ਥਾਣਾ ਪਟਿਆਲਾ ਰੇਂਜ ’ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।