ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ ਉਸ ਸਮੇਂ ਮੰਦਭਾਗੀ ਖ਼ਬਰ ਸਾਹਮਣੇ ਆਈ ਜਦੋਂ ਹਲਕਾ ਗਿੱਦੜਬਾਹਾ ਦੇ ਗੁਰਦੁਆਰਾ ਸਾਹਿਬ ਦੀ ਸਰੋਵਰ ਵਿੱਚ ਡੁੱਬਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਦੋਵਾਂ ਬੱਚਿਆਂ ਦੀ ਉੱਮਰ 8 ਤੇ 9 ਸਾਲ ਸੀ। ਦੋਵਾਂ ਦੀ ਮੌਤ ਤੋਂ ਬਾਅਦ ਪੂਰੇ ਇਲਾਕੇ ’ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਮਾਂ-ਬਾਪ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੱਸਿਆ ਜਾ ਰਿਹਾ ਹੈ ਦੋਵੇਂ ਭਰਾ ਘਰ ਤੋਂ ਬਾਹਰ ਖੇਡਣ ਗਏ ਸੀ, ਪਰ ਵਾਪਸ ਘਰ ਨਹੀਂ ਪਰਤੇ ਕਿ ਇਹ ਭੈੜੀ ਖ਼ਬਰ ਸੁਣਨ ਨੂੰ ਮਿਲੀ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚਿਆਂ ਦੇ ਚਾਚਾ ਪੱਪੂ ਨੇ ਦੱਸਿਆ ਕਿ ਉਸ ਦੇ ਦੋਵੇਂ ਭਤੀਜੇ ਬੀਤੀ ਸ਼ਾਮ ਘਰੋਂ ਇਲਾਕੇ ਦੇ ਬੱਚਿਆਂ ਨਾਲ ਖੇਡਣ ਲਈ ਨਿਕਲੇ ਸਨ। ਪਰ ਦੇਰ ਰਾਤ ਤੱਕ ਉਹ ਘਰ ਵਾਪਸ ਨਹੀਂ ਆਏ। ਇਸ ਤੋਂ ਬਾਅਦ ਬੱਚਿਆਂ ਦੀ ਕਾਫੀ ਭਾਲ ਕੀਤੀ ਗਈ ਪਰ ਬੱਚਿਆਂ ਦਾ ਕੋਈ ਪਤਾ ਨਹੀਂ ਲੱਗਿਆ। ਪੱਪੂ ਨੇ ਦੱਸਿਆ ਕਿ ਸੋਮਵਾਰ ਸਵੇਰੇ ਜਦੋਂ ਉਹ ਪਿਓਰੀ ਫਾਟਕ ਦੇ ਨੇੜੇ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਨਤਮਸਤਕ ਹੋਣ ਲਈ ਗਿਆ ਤਾਂ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਗੁਰਦੁਆਰਾ ਸਾਹਿਬ ਦੇ ਨੇੜੇ ਸਰੋਵਰ ’ਚ ਤੈਰਦੀਆਂ ਦਿਖਾਈ ਦਿੱਤੀਆਂ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ, ਜਿੰਨ੍ਹਾਂ ਨੇ ਲਾਸ਼ਾਂ ਨੂੰ ਕਬਜੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਅਧਿਕਾਰੀਆਂ ਵੱਲੋਂ ਅਗਲੀ ਜਾਂਚ ਕੀਤੀ ਜਾ ਰਹੀ ਹੈ।