ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਜਿੱਥੇ ਲੋਕ ਭਲਾਈ ਦੇ ਕੰਮ ਕਰ ਰਹੀ ਤਾਂ ਉੱਥੇ ਹੀ ਸੂਬਾ ਸਰਕਾਰ ਅਨਾਥ ਅਤੇ ਬੇਸਹਾਰਾ ਬੱਚਿਆਂ ਨੂੰ ਪਰਿਵਾਰ ਦੇਣ ਲਈ ਉੱਚਿਤ ਉਪਰਾਲੇ ਕਰ ਰਹੀ ਹੈ। ਦਰਅਸਲ ਪੰਜਾਬ ਸਰਕਾਰ ਨੇ ਸੂਬੇ ’ਚ ਬੱਚਾ ਗੋਦ ਲੈਣ ਲਈ ਪ੍ਰਕਿਰਿਆ ਨੂੰ ਆਸਾਨ ਤੇ ਸਰਲ ਬਣਾਉਣ ਦਾ ਐਲਾਨ ਕੀਤਾ ਹੈ ਤਾਂ ਜੋ ਬੇ-ਔਲਾਦੇ ਮਾਂ-ਬਾਪ ਬੱਚਿਆਂ ਦਾ ਸੁੱਖ ਮਾਣ ਸਕਣ। ਬੱਚਾ ਗੋਦ ਲੈਣ ਦੀ ਪ੍ਰਕਿਰਿਆ ਨੂੰ ਸੌਖਾ ਕਰਨ ਲਈ ਸੂਬਾ ਸਰਕਾਰ ਵੱਲੋਂ ਹਰ ਜ਼ਿਲ੍ਹੇ ’ਚ ਅਡੋਪਸ਼ਨ ਏਜੰਸੀ ਖੋਲੀ ਜਾ ਰਹੀ ਹੈ, ਜਿਸ ਲਈ 172 ਨਵੀਆਂ ਆਸਾਮੀ ਦੀ ਭਰਤੀ ਕੀਤੀ ਜਾਣੀ ਹੈ। ਇਹ ਜਾਣਕਾਰੀ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋਂ ਦਿੱਤੀ ਗਈ।
ਕੈਬਨਿਟ ਮੰਤਰੀ ਅੱਜ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਨ ਫਾਰ ਪਬਲਿਕ ਐਡਮੀਨੀਸਟਰੇਸ਼ਨ, ਚੰਡੀਗੜ ’ਚ ਅਡੋਪਸ਼ਨ ਰੈਗੁਲੇਸ਼ਨ, 2022 ਸਬੰਧੀ ਰਾਜ ਪੱਧਰੀ ਟ੍ਰੇਨਿੰਗ ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਸਨ, ਜਦੋਂ ਉਨ੍ਹਾਂ ਨੇ ਇਸ ਯੌਜਨਾ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਅਨਾਥ ਬੱਚਿਆਂ ਦੀ ਦੇਖਭਾਲ ਲਈ ਲਗਾਤਾਰ ਕੰਮ ਕਰ ਰਹੀ ਹੈ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਬੇਸਹਾਰਾ ਤੇ ਅਨਾਥ ਬੱਚਿਆਂ ਦੀ ਭਲਾਈ ਅਤੇ ਸੁਰੱਖਿਆ ਲਈ ਬੱਚਿਆਂ ਨੂੰ ਗੋਦ ਲੈਣ ਦੀ ਪ੍ਰਕਿਰਿਆ ਨਾਲ ਜੁੜੀਆਂ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਨੂੰ ਪ੍ਰਤੀ ਸਾਲ 26 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਸਮੂਹ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਸੂਬੇ ਵਿੱਚ ਪ੍ਰਾਪਤ ਹੋਣ ਵਾਲੀਆਂ ਬੱਚਾ ਗੋਦ ਲੈਣ ਸਬੰਧੀ ਅਰਜੀਆਂ ਦਾ ਨਿਪਟਾਰਾ ਮਿਥੇ ਸਮੇਂ ਦੇ ਅੰਦਰ ਕਰਨਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਉਹਨਾਂ ਨੇ ਸਿਵਲ ਸਰਜਨਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਬੱਚੇ ਨੂੰ ਗੋਦ ਲੈਣ ਉਪਰੰਤ ਮਾਪਿਆਂ ਨੂੰ ਬੱਚੇ ਦੇ ਜਨਮ ਸਰਟੀਫਿਕੇਟ ਵਿੱਚ ਇੰਦਰਾਜ ਕਰਵਾਉਣ ਲਈ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਤੁਰੰਤ ਹੱਲ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਇਹਨਾਂ ਅਨਾਥ ਅਤੇ ਬੇਸਹਾਰਾ ਬੱਚਿਆਂ ਨੂੰ ਜੇਕਰ ਕਿਸੇ ਵਿਦੇਸ਼ੀ ਜੋੜੇ ਜਾਂ ਬਾਹਰਲੇ ਰਾਜਾਂ ਦੇ ਜੋੜਿਆ ਵੱਲੋਂ ਅਪਣਾਇਆ ਜਾਂਦਾ ਹੈ ਤਾਂ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।