ਸੂਬੇ ’ਚ ਲਗਾਤਾਰ ਸੜਕ ਹਾਦਸੇ ਵੱਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਬੀਤੇਂ ਦਿਨ ਤੋਂ ਬਾਅਦ ਅੱਜ ਫਿਰ ਇੱਕ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਦਰਅਸਲ ਇੱਕ ਸਕੂਲ ਬੱਸ ਅਤੇ ਯਾਤਰੀ ਬੱਸ ਦੀ ਭਿਆਨਕ ਟੱਕਰ ਤੋਂ ਬਾਅਦ ਕੁੱਝ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਦੋਂ ਕਿ ਦੂਜੇ ਪਾਸੇ ਯਾਤਰੀ ਬੱਸ ਦਾ ਕੰਡਕਟਰ ਤੇ ਕੇਅਰਟੇਕਰ ਜ਼ਖ਼ਮੀ ਹੋ ਗਏ, ਜਿੰਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਘਟਨਾ ਸੁਭਾਨਪੁਰ ਰੋਡ ‘ਤੇ ਪਿੰਡ ਬੂਟ ਨੇੜੇ ਵਾਪਰੀ ਜਦੋਂ ਕੈਂਬਰਿਜ ਸਕੂਲ ਬੱਸ ਅਤੇ ਯਾਤਰੀ ਬੱਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਤੋਂ ਬਾਅਦ ਦੋਵੇਂ ਬੱਸਾਂ ਸੜਕ ਕਿਨਾਰੇ ਲੱਗੇ ਦਰਖ਼ੱਤ ਨਾਲ ਟਕਰਾ ਗਈਆਂ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮੌਕਾ-ਏ-ਵਾਰਦਾਤ ’ਤੇ ਪਹੁੰਚੇ ਬਾਦਸ਼ਾਹਪੁਰ ਚੌਕੀ ਦੇ ਪੁਲਿਸ ਮੁਲਾਜ਼ਮ ਮਨਪ੍ਰੀਤ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਯਾਤਰੀ ਬੱਸ ਦੇ ਚਾਲਕ ਮਨਜੀਤ ਸਿੰਘ ਨੂੰ ਰਾਊਂਡਅਪ ਕਰ ਲਿਆ ਗਿਆ ਹੈ। ਜਦੋਂ ਕਿ ਮੌਕੇ ‘ਤੇ ਮੌਜੂਦ ਲੋਕਾਂ ਦੀ ਮਦਦ ਨਾਲ ਸਕੂਲ ਬੱਸ ਦੇ ਜ਼ਖਮੀ ਕੇਅਰਟੇਕਰ ਅਤੇ ਕੰਡਕਟਰ ਨੂੰ ਸੁਭਾਨਪੁਰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਸ ਦੇ ਨਾਲ ਹੀ ਸਕੂਲ ਬੱਸ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ‘ਚ ਲੈ ਲਿਆ ਤੇ ਸਕੂਲ ਬੱਸ ਚਾਲਕ ਦੀ ਭਾਲ ਜਾਰੀ ਹੈ।