31 ਜੁਲਾਈ ਨੂੰ ਅੰਬਾਲਾ ਦੇ ਨਾਹਨ ਹਾਊਸ ਇਲਾਕੇ ‘ਚ ਦੋ ਬੱਚੀਆਂ ਦੇ ਕਤਲ ਮਾਮਲੇ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਦਰਅਸਲ ਪੁਲਿਸ ਮੁਤਾਬਕ ਬੱਚੀਆਂ ਦੇ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਨ੍ਹਾਂ ਦੀ ਕਲਯੁੱਗੀ ਮਾਂ ਨੇ ਹੀ ਕੀਤੇ ਸੀ। ਮ੍ਰਿਤਕ ਬੱਚੀਆਂ ਦੀ ਮਾਂ ਦਾ ਕਹਿਣਾ ਹੈ ਕਿ ਅਕਸਰ ਉਸਦਾ ਪਤੀ ਦੋਵਾਂ ਬੇਟੀਆਂ ਨੂੰ ਨਜਾਇਜ਼ ਦੱਸਦਾ ਸੀ, ਜਿਸ ਕਾਰਨ ਉਸ ਨੇ ਗਲਾ ਘੌਂਟ ਕੇ ਦੋਵਾਂ ਬੱਚੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਜਾਣਕਾਰੀ ਮੁਤਾਬਕ ਬੱਚੀਆਂ ਦੇ ਕਤਲ ਦੀ ਘਟਨਾ 31 ਜੁਲਾਈ ਨੂੰ ਵਾਪਰੀ ਜਦੋਂ ਨਾਹਨ ਹਾਊਸ ਇਲਾਕੇ ‘ਚ ਸਵੇਰੇ ਦੋ ਬੱਚੀਆਂ ਦੀਆਂ ਲਾਸ਼ਾਂ ਘਰ ਦੇ ਬੈੱਡ ‘ਤੇ ਪਈਆਂ ਮਿਲੀਆਂ। ਮ੍ਰਿਤਕ ਬੱਚੀਆਂ ਦੀ ਪਹਿਚਾਣ 11 ਸਾਲਾਂ ਯੋਗਿਤਾ ਅਤੇ 6 ਸਾਲਾਂ ਅਮਾਇਰਾ ਵਜੋਂ ਹੋਈ ਹੈ। ਘਰ ’ਚ ਲਾਸ਼ਾਂ ਦਾ ਪਤਾ ਲੱਗਦੇ ਹੀ ਇਲਾਕੇ ’ਚ ਸਹਿਮ ਦਾ ਮਾਹੌਲ ਬਣ ਗਿਆ। ਇਸ ਤੋਂ ਬਾਅਦ ਪੁਲਿਸ ਮੌਕੇ ’ਤੇ ਪੁਹੰਚੀ। ਜਿੰਨ੍ਹਾਂ ਵੱਲੋਂ ਪੁੱਛ-ਗਿੱਛ ਕੀਤੀ ਗਈ। ਇਸ ਬਾਬਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੱਕ ਵਿਅਕਤੀ ਸਵੇਰੇ ਉਨ੍ਹਾਂ ਦੇ ਘਰ ਆਇਆ ਸੀ। ਪਰਿਵਾਰਕ ਮੈਂਬਰਾਂ ਨੇ ਉਕਤ ਵਿਅਕਤੀ ’ਤੇ ਝੜਪ ਅਤੇ ਕੁੱਟਮਾਰ ਦਾ ਦੋਸ਼ ਲਗਾਇਆ ਕਿ ਉਸ ਵੱਲੋਂ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ।
ਇਸ ਤੋਂ ਬਾਅਦ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੋਸਟਮਾਰਟਮ ਰਿਪੋਰਟ ਮੁਤਾਬਕ ਬੱਚੀਆਂ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਜਦੋਂ ਜਾਂਚ ਦੌਰਾਨ ਆਸੇ-ਪਾਸੋਂ ਪੁਲਿਸ ਦੇ ਕੁੱਝ ਨਾ ਲੱਗਿਆ ਤਾਂ ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ‘ਤੇ ਸ਼ੱਕ ਹੋਇਆ। ਜਿਸ ਤੋਂ ਬਾਅਦ ਜਦੋਂ ਮਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸਾਰੀ ਗੱਲ ਦੱਸ ਦਿੱਤੀ।
ਪੁਲਿਸ ਮੁਤਾਬਕ ਮੁਲਜ਼ਮ ਦੀ ਮਾਂ ਜੋਤੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦਾ ਪਤੀ ਸੋਨੂੰ ਨਸ਼ੇ ਦਾ ਆਦੀ ਹੈ। ਜਦੋਂ ਚੌਥੀ ਧੀ ਅਮਾਇਰਾ ਦਾ ਜਨਮ ਹੋਇਆ, ਉਦੋਂ ਤੋਂ ਹੀ ਉਸ ਨੂੰ ਤਾਅਨੇ ਮਾਰੇ ਜਾ ਰਹੇ ਸਨ। ਧੀਆਂ ਨੂੰ ਨਜਾਇਜ਼ ਕਿਹਾ ਜਾ ਰਿਹਾ ਸੀ। ਇਸ ਲਈ ਇਹ ਕਦਮ ਚੁੱਕਿਆ ਗਿਆ। ਫਿਲਹਾਲ ਪੁਲਿਸ ਨੇ ਦੋਸ਼ੀ ਮਾਂ ਨੂੰ ਮੰਗਲਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ। ਜਿੱਥੋਂ ਉਸ ਨੂੰ 2 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।