ਨੈਸ਼ਨਲ ਡੈਸਕ: ਹੁਣ ਸਰਕਾਰ ਵੱਲੋਂ ਗਰੀਬ ਤਬਕੇ ਨੂੰ ਮਿਲਣ ਵਾਲੀ ਕਣਕ ਲਈ ਡੀਪੂ ਦੀਆਂ ਲੰਮੀਆਂ ਲਾਈਨਾਂ ‘ਚ ਲੱਗਣ ਦੀ ਲੋੜ ਨਹੀਂ ਪਵੇਗੀ। ਸਗੋਂ ਹੁਣ ATM ਤੋਂ ਸਰਕਾਰੀ ਕਣਕ ਤੇ ਚੌਲ ਮਿਲਿਆ ਕਰਨਗੇ। ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿਚ ਦੇਸ਼ ਦਾ ਪਹਿਲਾ ਗ੍ਰੇਨ ATM ਸਥਾਪਤ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿਚ ਸੂਬੇ ਵਿਚ ਅਜਿਹੇ ਹੋਰ ATM ਸਥਾਪਤ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਗ੍ਰੇਨ ATM ਤੋਂ PDS ਸਕੀਮ ਦੇ ਲਾਭਪਾਤਰੀ ਹਫ਼ਤੇ ਦੇ ਸੱਤੋ ਦਿਨ ਅਤੇ ਦਿਨ ਦੇ ਕਿਸੇ ਵੀ ਵੇਲੇ ਵੀ ਜਾ ਕੇ ਸਰਕਾਰੀ ਰਾਸ਼ਨ ਲੈ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਮਸ਼ੀਨਾਂ ਤੋਂ ਕਿਸੇ ਵੀ ਸੂਬੇ ਦੇ ਰਾਸ਼ਨ ਕਾਰਡ ਤੋਂ ਰਾਸ਼ਨ ਲਿਆ ਜਾ ਸਕਦਾ ਹੈ।
ਓਡੀਸ਼ਾ ਦੇ ਖੁਰਾਕ ਮੰਤਰੀ ਕ੍ਰਿਸ਼ਨ ਚੰਦਰ ਪਾਤਰਾ ਨੇ ਭਾਰਤ ਵਿਚ ਵਰਲਡ ਫੂਡ ਡਿਸਟ੍ਰੀਬਿਊਸ਼ਨ ਇਵੈਂਟ ਦੇ ਡਿਪਟੀ ਕੰਟਰੀ ਡਾਇਰੈਕਟਰ ਨੋਜੋਮੀ ਹਾਸ਼ੀਮੋਟੋ ਦੀ ਮੌਜੂਦਗੀ ਵਿਚ 8 ਅਗਸਤ ਨੂੰ ‘ਅੰਨਪੂਰਤੀ ਏ.ਟੀ.ਐੱਮ.’ ਦੀ ਸ਼ੁਰੂਆਤ ਕੀਤੀ। ਇਸ ਦੀ ਖਾਸ ਗੱਲ ਇਹ ਹੈ ਕਿ ਇਹ ਮਸ਼ੀਨ 5 ਮਿੰਟ ਵਿਚ 50 ਕਿਲੋ ਅਨਾਜ ਵੰਡ ਸਕਦੀ ਹੈ। ਜਲਦੀ ਹੀ ਓਡੀਸ਼ਾ ਦੇ ਹੋਰ ਜ਼ਿਲ੍ਹਿਆਂ ਵਿਚ ਵੀ ਅਜਿਹੇ ਏ.ਟੀ.ਐੱਮ. ਸ਼ੁਰੂ ਕੀਤੇ ਜਾਣਗੇ। 24 ਘੰਟੇ ਏ.ਟੀ.ਐੱਮ. ਚੱਲਣ ਕਾਰਨ ਕੋਈ ਲਾਭਪਾਤਰੀ ਚਾਹੇ ਤਾਂ ਅੱਧੀ ਰਾਤ ਨੂੰ ਜਾ ਕੇ ਵੀ ਰਾਸ਼ਨ ਲਿਆ ਸਕਦਾ ਹੈ।